ਗੁਰਪੁਰਬਾਂ ਮੋਕੇ ਅਨੁਸ਼ਾਸਨੀ ਸੁਧਾਰਾਂ ਨੂੰ ਦਿੱਲੀ ਕਮੇਟੀ ਜਾਰੀ ਰੱਖੇਗੀ – ਜੀ.ਕੇ
ਦਿੱਲੀ ਕਮੇਟੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 28 ਦਸੰਬਰ ਨੂੰ ਮਨਾਏਗੀ
ਨਵੀਂ ਦਿੱਲੀ, 25 ਨਵੰਬਰ (ਅੰਮ੍ਰਿਤ ਲਾਲ ਮੰਨਣ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੋਕੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਗੁਰਮਤਿ ਸਮਾਗਮ ਦੋਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਪੁਰਬਾਂ ਦੋਰਾਨ ਅਨੁਸ਼ਾਸਨੀ ਸੁਧਾਰਾਂ ਨੂੰ ਜਾਰੀ ਰੱਖਣ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਕਮੇਟੀ ਵੱਲੋਂ 28 ਦਸੰਬਰ ਨੂੰ ਮਨਾਉਣ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ।ਉਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗਮਈ ਬਾਣੀ ਦਾ ਗਾਇਣ ਕਰਦੇ ਹੋਏ ਸੰਗਤਾਂ ਨੂੰ ਗੁਰੂ ਸਾਹਿਬ ਦੇ ਸ਼ਹਾਦਤ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕੀਤੀ ਗਈ।ਸ਼੍ਰੋਮਣੀ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਿਸੇ ਧਰਮ ਖਿਲਾਫ ਕਰਾਰ ਨਾ ਦਿੰਦੇ ਹੋਏ ਕੁੱਝ ਮਤਲੱਬਪ੍ਰਸਤ ਦਿਖਾਵਟੀ ਧਾਰਮਿਕ ਲੋਕਾਂ ਦੀ ਜਿੱਦ ਨੂੰ ਠੱਲ ਪਾਉਣ ਦਾ ਪ੍ਰਤੀਕ ਦੱਸਿਆ।
ਜੀ.ਕੇ ਨੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਕੋਮ ਨੂੰ ਵਿਰਾਸਤ ਵਿੱਚ ਮਿਲੀ ਤਿਆਗ, ਗੈਰਤ ਅਤੇ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਦੱਸਦੇ ਹੋਏ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਆਜ਼ਾਦੀ ਦਾ ਮੁੱਢ ਵੀ ਦੱਸਿਆ।ਭਾਈ ਬਿਧੀ ਚੰਦ ਵੱਲੋਂ ਗੁਰੂ ਸਾਹਿਬ ਬਾਰੇ ਗੁਰੂ ਹਰਿਗੋਬਿੰਦ ਸਾਹਿਬ ਤੋਂ ਪੁੱਛੇ ਗਏ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਮਜ਼ਲੂਮਾਂ ਦੀ ਰੱਖਿਆ ਅਤੇ ਦੂਜਿਆਂ ਦੇ ਹੱਕਾਂ ਲਈ ਪਹਿਰਾ ਦੇਣ ਵਾਲਾ ਮਹਾਪੁਰਸ਼ ਵੀ ਦੱਸਿਆ।ਪੰਡਿਤ ਕ੍ਰਿਪਾ ਰਾਮ ਜੀ ਦੇ ਵੰਸ਼ਜਾਂ ਵੱਲੋਂ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੋਕੇ ਸ੍ਰੀ ਅਨੰਦਪੁਰ ਸਾਹਿਬ ਤੇ ਬਠਿੰਡਾ ਤੋਂ ਰਿਣ ਉਤਾਰ ਯਾਤਰਾ ਲਿਆਕੇ ਗੁਰਦੁਆਰਾ ਸੀਸ ਗੰਜ ਸਾਹਿਬ ਸਜਦਾ ਕਰਨ ਦਾ ਹਵਾਲਾ ਦਿੰਦੇ ਹੋਏ ਜੀ. ਕੇ. ਨੇ ਦਾਅਵਾ ਕੀਤਾ ਕਿ ਧਰਮਾਂ ਦੇ ਠੇਕੇਦਾਰ ਸਾਡੇ ਵਿੱਚ ਦੀਵਾਰਾਂ ਖੜ੍ਹੀਆਂ ਕਰਦੇ ਹਨ ਜਿਸ ਤੋਂ ਸਾਨੂੰ ਸੁਚੇਤ ਰਹਿਕੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਦੀਵਾਰ ਨੂੰ ਢਾਹਉਣ ਤੋਂ ਰੋਕਣ ਵਾਸਤੇ ਭਾਈ ਰਣਧੀਰ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ, ਜਥੇਦਾਰ ਸੰਤੋਖ ਸਿੰਘ ਵੱਲੋਂ ਗੁਰੂ ਸਾਹਿਬ ਨੂੰ ਕੈਦ ਰੱਖਣ ਦੀ ਪ੍ਰਤੀਕ ਚਾਂਦਨੀ ਚੋਂਕ ਦੀ ਕੋਤਵਾਲੀ ਸਣੇ ਦਿੱਲੀ ਦੀ ਸੰਗਤ ਵੱਲੋਂ ਗੁਰਧਾਮਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਵਿਸਥਾਰ ਲਈ ਲਾਏ ਗਏ ਮੋਰਚਿਆਂ ਨੂੰ ਵੀ ਉਨ੍ਹਾਂ ਨੇ ਇਸ ਮੋਕੇ ਯਾਦ ਕੀਤਾ। ਸਫਾਈ ਨੂੰ ਕਰੜਾਈ ਨਾਲ ਲਾਗੂ ਕਰਨ ਅਤੇ ਐਮਰਜੰਸੀ ਸੇਵਾਵਾਂ ਫਾਇਰ ਬ੍ਰਿਗੇਡ, ਐਬੂਲੈਂਸ ਆਦਿਕ ਦੀ ਨਗਰ ਕੀਰਤਨ ਤੇ ਗੁਰਮਤਿ ਸਮਾਗਮਾਂ ਦੋਰਾਨ ਕੀਤੀ ਗਈ ਵਿਵਸਥਾ ਦਾ ਜ਼ਿਕਰ ਕਰਦੇ ਹੋਏ ਜੀ. ਕੇ ਨੇ ਸਮੁੱਚੀ ਕੋਮ ਨੂੰ ਨਗਰ ਕੀਰਤਨ, ਲੰਗਰ ਸਟਾਲ ਦੋਰਾਨ ਲੰਗਰ ਛੱਕਦੇ ਹੋਏ ਸਫਾਈ ਦਾ ਖਾਸ ਖਿਆਲ ਰੱਖਣ ਤੇ ਐਮਰਜੰਸੀ ਸੇਵਾਵਾਂ ਅਤੇ ਸਕੂਲੀ ਬੱਚਿਆਂ ਨੂੰ ਖੁੱਲਾ ਰਾਹ ਦੇਣ ਦਾ ਵੀ ਸੱਦਾ ਦਿੱਤਾ। ਕਮੇਟੀ ਵੱਲੋਂ ਇਨ੍ਹਾਂ ਮਸਲਿਆਂ ਉਤੇ ਲਾਗੂ ਕੀਤੇ ਗਏ ਅਨੁਸ਼ਾਸਨੀ ਸੁਧਾਰਾਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਐਲਾਨ ਕਰਦੇ ਹੋਏ ਇਨਾਂ ਸੁਧਾਰਾਂ ਕਾਰਨ ਸਿੱਖ ਧਰਮ ਦੀ ਖੁਸ਼ਬੂ ਨੁੰ ਦੂਜੇ ਧਰਮਾਂ ਦੇ ਲੋਕਾਂ ਤੱਕ ਪੁੱਜਣ ਦਾ ਵੀ ਜ਼ਰੀਆ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੋਕੇ 28 ਦਸੰਬਰ ਨੂੰ ਨਗਰ ਕੀਰਤਨ ਅਤੇ 29 ਦਸੰਬਰ ਨੂੰ ਦੀਵਾਨ ਸਜਾਉਣ ਦੀ ਜਾਣਕਾਰੀ ਵੀ ਜੀ.ਕੇ. ਨੇ ਇਸ ਮੋਕੇ ਸੰਗਤਾਂ ਨਾਲ ਸਾਂਝੀ ਕੀਤੀ। ਗੁਰੂ ਤੇਗ ਬਹਾਦਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਗੁੜਗਾਉਂ ਵੱਲੋਂ ਜਰਮਨ ਭਾਸ਼ਾ ਵਿੱਚ ਛਾਪੀ ਗਈ ਗੁਰੂ ਸਾਹਿਬ ਦੇ ਇਤਿਹਾਸ ਦੀ ਕਿਤਾਬ ਦੀ ਪਹਿਲੀ ਕਾਪੀ ਜੀ.ਕੇ. ਨੇ ਭਾਈ ਪਿੰਦਰਪਾਲ ਸਿੰਘ ਜੀ ਨੂੰ ਭੇਟ ਕੀਤੀ। ਇਥੇ ਇਹ ਜਿਕਰਯੋਗ ਹੈ ਕਿ ਉਕਤ ਟਰੱਸਟ ਵੱਲੋਂ ਇਹ ਕਿਤਾਬ ਪਹਿਲੇ ਹਿੰਦੀ, ਅੰਗਰੇਜੀ, ਪੰਜਾਬੀ, ਗੁਜਰਾਤੀ ਅਤੇ ਤੇਲਗੂ ਭਾਸ਼ਾ ਵਿੱਚ ਵੀ ਜਾਰੀ ਕੀਤੀ ਜਾ ਚੁੱਕੀ ਹੈ। ਭਾਈ ਗੁਰਦਿੱਤ ਸਿੰਘ ਹੈਦਰਾਬਾਦ ਵੱਲੋਂ ਤਿਆਰ ਕੀਤੀ ਗਈ ਗੁਰਬਾਣੀ ਸੀਡੀ ਤਿਲਕ ਜੰਞੂ ਰਾਖਾ ਪ੍ਰਭ ਤਾਕਾ ਨੂੰ ਵੀ ਇਸ ਮੋਕੇ ਉਨ੍ਹਾਂ ਨੇ ਜਾਰੀ ਕੀਤਾ।
ਇਸ ਮੋਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ ਨੇ ਗੁਰੂ ਸਾਹਿਬ ਦੇ ਇਤਿਹਾਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਧਰਤੀ ਉਤੇ ਕੋਈ ਸਾਨੀ ਨਹੀਂ ਹੈ। ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਚਮਨ ਸਿੰਘ ਸਾਹਿਬਪੁਰਾ, ਹਰਦੇਵ ਸਿੰਘ ਧਨੋਆ, ਗੁਰਵਿੰਦਰਪਾਲ ਸਿੰਘ, ਅਮਰਜੀਤ ਸਿੰਘ ਪਿੰਕੀ, ਪਰਮਜੀਤ ਸਿੰਘ ਚੰਢੋਕ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੋਰ ਬਖਸ਼ੀ ਅਤੇ ਅਕਾਲੀ ਆਗੂ ਰਜਿੰਦਰ ਸਿੰਘ ਟੈਕਨੋ, ਹਰਚਰਨ ਸਿੰਘ ਗੁਲਸ਼ਨ ਤੇ ਗੁਰਮੀਤ ਸਿੰਘ ਬੋਬੀ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ।