ਪਿਆਰੇ ਬੱਚਿਓ ਜਿਵੇਂ ਕਿ ਤੁਹਾਡੇ ਪੇਪਰ ਸਮਾਪਤ ਹੋ ਚੁੱਕੇ ਹਨ।ਹੁਣ ਤੁਸੀਂ ਅਗਲੀਆਂ ਕਲਾਸਾਂ ਵਿੱਚ ਜਾ ਰਹੇ ਹੋ।ਇਸ ਲਈ ਤੁਹਾਡੀ ਜਿੰਮੇਵਾਰੀ ਵੀ ਵਧ ਗਈ ਹੈ ਅਤੇ ਪੜਾਈ ਦਾ ਪੱਧਰ ਵੀ ਵਧੇਗਾ ਜੇਕਰ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰੋਗੇ ਤਾਂ ਸਫਲਤਾ ਪ੍ਰਾਪਤ ਹੋਵੇਗੀ।
ਕਿਤਾਬਾਂ ਦੀ ਸੰਭਾਲ :
ਸਭ ਤੋਂ ਪਹਿਲਾਂ ਨਵੇਂ ਸੈਸ਼ਨ ਦੀਆਂ ਕਿਤਾਬਾਂ ਦੀ ਪੂਰਨ ਸੰਭਾਲ ਰੱਖੋ, ਕਿਤਾਬਾਂ ਪੂਰਾ ਸਾਲ ਤੁਹਾਡੇ ਕੰਮ ਆਉਣ ਵਾਲੀਆਂ ਹਨ।ਇਸ ਲਈ ਚੰਗੀ ਤਰ੍ਹਾਂ ਜਿਲਦ ਕਰਵਾਓ ਤਾਂ ਜੋ ਕਿਤਾਬਾਂ ਨਾ ਫਟਣ, ਹਰ ਵਿਸ਼ੇ ਨਾਲ ਸੰਬੰਧਿਤ ਕਿਤਾਬ ਪ੍ਰਾਪਤ ਕਰੋ, ਕਿਤਾਬਾਂ ਦੀ ਸੰਭਾਲ ਦੇ ਨਾਲ-ਨਾਲ ਉਹਨਾਂ ਨਾਲ ਸੰਬੰਧਿਤ ਸਮੱਗਰੀ, ਪਾਠਾਂ ਦਾ ਕ੍ਰਮ ਆਦਿ ਵੇਖੋ।
ਸਿਲੇਬਸ ਅਨੁਸਾਰ ਸੂਚੀ ਬਣਾਓ :
ਸਫਲਤਾ ਲਈ ਇਹ ਵੀ ਜਰੂਰੀ ਹੈ ਕਿ ਸੈਸ਼ਨ ਦੇ ਸਿਲੇਬਸ ਅਧਿਆਪਕ ਤੋਂ ਪ੍ਰਾਪਤ ਕਰਦੇ ਪਾਠਾਂ ਦੀ ਸੂਚੀ ਤਿਆਰ ਕਰੋ, ਖਾਸ ਕਰ ਬੋਰਡ ਕਲਾਸਾਂ ਵਾਲੇ ਵਿਦਿਆਰਥੀ ਸਿਲੇਬਸ ਟਰਮ-1, ਟਰਮ-2 ਦੇ ਅਧਾਰ ਤੇ ਪਾਠਾਂ ਦੀ ਵੰਡ ਅਤੇ ਸਮੱਗਰੀ ਦੀ ਪਹਿਚਾਣ ਯਕੀਨੀ ਬਨਾਉਣ।
ਕਾਪੀਆਂ ਅਤੇ ਲੇਖਨ ਰਜਿਸਟਰ ਦੀ ਤਿਆਰੀ :
ਬੱਚਿਓ ਕਾਪੀਆਂ ਜਾਂ ਰਜਿਸਟਰ ਦੀ ਖਰੀਦ ਕਰਨ ਸਮੇਂ ਜਿਲਦ, ਪੇਜ, ਕਾਗਜ਼ ਦੀ ਕੁਆਲਟੀ ਆਦਿ ਚੰਗੀ ਤਰ੍ਹਾਂ ਚੈਕ ਕਰ ਲਵੋ।ਇਹਨਾਂ ਦੀ ਖਰੀਦ ਸਮੇਂ ਕਾਪੀ ਜਾਂ ਰਜਿਸਟਰ ਬਹੁਤ ਜਿਆਦਾ ਪੇਜ਼ ਵਾਲਾ ਵੀ ਨਾ ਖਰੀਦੋ, ਪਾਠਕ੍ਰਮ ਅਨੁਸਾਰ ਅਧਿਆਪਕ ਤੋਂ ਜਾਣਕਾਰੀ ਪ੍ਰਾਪਤ ਕਰਕੇ ਖਰੀਦੋ।
ਪੁਰਾਣੀਆਂ ਕਿਤਾਬਾਂ ਅਤੇ ਸਮੱਗਰੀ ਦੀ ਸੰਭਾਲ :
ਸੈਸ਼ਨ ਸਮਾਪਤੀ ਸਮੇਂ ਵਧੀਆ ਅਤੇ ਸਾਫ ਕਿਤਾਬਾਂ ਕਿਸੇ ਜਰੂਰਤਮੰਦ ਨੂੰ ਦੇ ਦੇਵੋ, ਜਾਂ ਸਕੂਲ ਦੇ ਬੁੱਕ ਬੈਂਕ ਵਿੱਚ ਜਮਾਂ ਕਰਵਾਓ ਤਾਂ ਜੋ ਕਿਸੇ ਪ੍ਰਤੀਯੋਗੀ ਪ੍ਰੀਖਿਆ, ਵਿਸ਼ੇ ਨਾਲ ਸੰਬੰਧਿਤ ਮੇਲੇ ਵਿੱਚ ਉਪਯੋਗੀ ਹੋ ਸਕਣ।
ਸਕੂਲ ਵਲੋਂ ਪ੍ਰਾਪਤ ਸਮੱਗਰੀ ਸੰਬੰਧਿਤ ਅਧਿਆਪਕ ਕੋਲ ਜਮਾਂ ਕਰਵਾਓ :
ਸੈਸ਼ਨ ਦੌਰਾਨ ਬਹੁਤ ਸਾਰੀ ਸਮੱਗਰੀ ਫੋਟੋ ਕਾਪੀਆਂ, ਨੋਟਿਸ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਰਾਹੀਂ ਪਾ੍ਰਪਤ ਹੋਈ ਆਦਿ ਹੋਰ ਅਧਿਆਪਕਾਂ ਵਲੋਂ ਦਿੱਤੀ ਪੜਨ ਸਮੱਗਰੀ ਸੰਭਾਲ ਕੇ ਰੱਖੋ, ਹੱਟੀ ਵਿੱਚ ਨਾ ਸੁੱਟੋ, ਹੋ ਸਕੇ ਤਾਂ ਸੰਬੰਧਿਤ ਵਿਸ਼ਾ ਅਧਿਆਪਕ ਨੂੰ ਜਮਾਂ ਕਰਵਾਓ ਤਾਂ ਜੋ ਹੋਰ ਵਿਦਿਆਰਥੀਆਂ ਦੀ ਸਹਾਇਤਾ ਹੋ ਸਕੇ।
ਸੀਨੀਅਰ ਵਿਦਿਆਰਥੀਆਂ ਨਾਲ ਗੱਲਬਾਤ :
ਆਪਣੇ ਸੀਨੀਅਰ ਭਾਵ ਪਹਿਲਾਂ ਪਾਸ ਹੋ ਚੁੱਕੇ ਵਿਦਿਆਰਥੀ ਨਾਲ ਗੱਲਬਾਤ ਕਰੋ ਕਿ ਪਿਛਲੇ ਸਾਲ ਕਿਹੜੇ ਪ੍ਰਸ਼ਨ ਮਹੱਤਵਪੂਰਨ ਸਨ, ਜਾਂ ਵਿਸ਼ਾ ਸਮੱਗਰੀ ਦੇ ਮਹੱਤਵਪੂਰਨ ਨੋਟ, ਮਹੱਤਵਪੂਰਨ ਪ੍ਰਸ਼ਨਾਵਲੀ ਗੱਲਬਾਤ ਰਾਹੀਂ ਜਾਣਕਾਰੀ ਜਰੂਰ ਪ੍ਰਾਪਤ ਕਰੋ।
ਜੇਕਰ ਅਸੀਂ ਉਪਰੋਕਤ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਅਸੀਂ ਸਫਲਤਾ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਪੜਨ ਤੋਂ ਪਹਿਲਾਂ ਸਮੱਗਰੀ ਦੀ ਸੰਭਾਲ ਜਰੂਰੀ ਹੈ।ਇਸ ਲਈ ਨਵੇਂ ਸੈਸ਼ਨ ਦੌਰਾਨ ਦੇ ਇਹਨਾਂ ਬਿੰਦੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਤਿਆਰੀ ਨਾਲ ਪੂਰਾ ਸਾਲ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਆਦਰਸ਼, ਅਨੁਸਾਸ਼ਿਤ ਵਿਦਿਆਰਥੀ ਦੇ ਗੁਣ ਵੀ ਮਿਲਣਗੇ।ਅਜ਼ੋਕੇ ਪ੍ਰਤੀਯੋਗਿਤਾ ਦੇ ਯੁੱਗ ਵਿੱਚ ਯੋਜਨਾਬੰਦੀ ਅਤੇ ਪੜਾਈ ਦੇ ਇਹ ਗੁਣ ਧਾਰਨ ਕਰਨੇ ਜਰੂਰੀ ਹਨ।0104202202

ਅਵਨੀਸ਼ ਲੌਂਗੋਵਾਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਬਡਬਰ (ਬਰਨਾਲਾ)।
ਮੋ – 9463126465
Punjab Post Daily Online Newspaper & Print Media