ਖੁਦਕੁਸ਼ੀ ਕਰਨ ਵਾਲੇ ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਹੋਣਹਾਰ ਬੱਚੀਆਂ ਦੀ ਨਿੱਜੀ ਤੌਰ `ਤੇ ਵਿੱਤੀ ਮਦਦ ਦਾ ਕੀਤਾ ਐਲਾਨ
ਸੰਗਰੂਰ, 2 ਅਪ੍ਰੈਲ (ਜਗਸੀਰ ਲੌਂਗੋਵਾਲ) – ਆਈ.ਪੀ.ਐਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਨੇ ਅੱਜ ਸੰਗਰਰ ਦੇ ਐਸ.ਐਸ.ਪੀ ਵਜੋਂ ਅਹੁੱਦਾ ਸੰਭਾਲ ਲਿਆ।ਉਨਾਂ
ਇਸ ਸਮੇਂ ਐਲਾਨ ਕੀਤਾ ਕਿ ਉਹ ਹਰ ਮਹੀਨੇ ਦੇਸ਼਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਉਨ੍ਹਾਂ ਲੋੜਵੰਦ ਬੱਚੀਆਂ ਨੂੰ ਨਿੱਜੀ ਤੌਰ ‘ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਗੇ, ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ।ਐਸ.ਐਸ.ਪੀ ਸਿੱਧੂ ਨੇ ਕਿਹਾ ਕਿ ਖੁਦਕੁਸ਼ੀ ਕਰਨਾ ਬਹੁਤ ਮਾੜੀ ਗੱਲ ਹੈ ਅਤੇ ਇਸ ਨੂੰ ਵਧਾਵਾ ਨਹੀਂ ਦੇਣਾ ਚਾਹੀਦਾ।ਖੁਦਕਸ਼ੀ ਕਰਨ ਵਾਲਾ ਖੁਦ ਸਮੱਸਿਆਵਾਂ ਤੋਂ ਮੁਕਤ ਹੋ ਜਾਂਦਾ ਹੈ, ਪਰ ਆਪਣੇ ਪਰਿਵਾਰਾਂ ਨੂੰ, ਆਪਣੇ ਪਿਆਰਿਆਂ ਨੂੰ ਮਾੜੇ ਹਾਲਾਤਾਂ ਵਿੱਚ ਅੱਧਵਿਚਾਲੇ ਛੱਡ ਜਾਂਦਾ ਹੈ।ਉਨ੍ਹਾਂ ਕਿਹਾ ਆਤਮ ਹੱਤਿਆ ਜਿਹੀਆਂ ਘਟਨਾਵਾਂ ਮਨੁੱਖੀ ਹਿਰਦੇ ਨੂੰ ਵੱਡੀ ਢਾਹ ਲਾਉਂਦੀਆਂ ਹਨ ਅਤੇ ਅਜਿਹੇ ਦੁਖਾਂਤ ਨਹੀਂ ਵਾਪਰਨੇ ਚਾਹੀਦੇ, ਜੋ ਬਾਅਦ ਵਿੱਚ ਪਰਿਵਾਰਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਹੋਰ ਵੀ ਦੁਖਾਂਤਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿੱਧੂ ਨੇ ਐਲਾਨ ਕਰਦਿਆਂ ਕਿਹਾ ਕਿ ਸੰਗਰੂਰ ਦੇ ਐਸ.ਐਸ.ਪੀ ਵਜੋਂ ਮਿਲਣ ਵਾਲੀ ਪਹਿਲੀ ਤਨਖਾਹ ਵਿਚੋਂ ਉਹ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਉਹ ਅਜਿਹੀਆਂ ਲੋੜਵੰਦ ਬੱਚੀਆਂ ਨੂੰ ਦੇਣਗੇ ਜੋ ਖੁਦਕਸ਼ੀ ਪੀੜ੍ਹਤ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਵਿਦਿਅਕ ਪੱਧਰ ‘ਤੇ ਹੋਣਹਾਰ ਹੋਣ ਦੇ ਬਾਵਜ਼ੂਦ ਆਰਥਿਕ ਤੰਗੀਆਂ ਕਾਰਨ ਅੱਗੇ ਨਹੀਂ ਵਧ ਪਾ ਰਹੀਆਂ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਤਰਫੋਂ ਸੰਕੇਤਕ ਮਦਦ ਹੈ ਅਤੇ ਇਹ ਰਾਸ਼ੀ ਕਿਸੇ ਹੋਰ ਕੋਲੋਂ ਇਕੱਤਰ ਨਹੀਂ ਕੀਤੀ ਜਾਵੇਗੀ।
ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿ਼ਲ੍ਹਾ ਸੰਗਰੂਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਪੂਰਾ ਸਹਿਯੋਗ ਦੇਣ।ਉਨ੍ਹਾਂ ਪੁਲਿਸ ਦੀ ਤਰਫੋਂ ਹਰੇਕ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦਾ ਸੱਦਾ ਦਿੱਤਾ।
Punjab Post Daily Online Newspaper & Print Media