Wednesday, July 22, 2026

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆਂ ਵਲੋਂ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 19 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਨਰਸਿੰਗ ਅਤੇ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ‘ਵਿਸ਼ਵ ਸਿਹਤ ਦਿਵਸ’ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਨਰਸਿੰਗ ਕਾਲਜ ਵਿਖੇ ਕਰਵਾਏ ਗਏ ਸੈਮੀਨਾਰ ਮੌਕੇ ਉਚੇਚੇ ਤੌਰ ’ਤੇ ਪੁੱਜੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਪ੍ਰਿੰਸੀਪਲ ਡਾ. ਕਮਲਜੀਤ ਕੌਰ ਵਲੋਂ ਫੁੱਲਾਂ ਦਾ ਪੌਦਾ ਭੇਂਟ ਕਰਕੇ ਸਵਾਗਤ ਕੀਤਾ ਗਿਆ ।
               ਛੀਨਾ ਨੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਚੌਕਸ ਰਹਿਣ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਿਕ ਤੰਦਰੁਸਤੀ ਲਈ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਾ ਬੇਹੱਦ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਦੇਸ਼, ਸਮਾਜ ’ਚ ਲਈ ਇਨਸਾਨ ਸਰੀਰਿਕ ਪੱਖੋਂ ਸਿਹਤਯਾਬ ਹੋਣ ’ਤੇ ਹੀ ਆਪਣੀ ਅਹਿਮ ਭੂਮਿਕਾ ਨਿਭਾਉਣ ਦੇ ਯੋਗ ਹੁੰਦਾ ਹੈ।ਇਸ ਲਈ ਹਮੇਸ਼ਾਂ ਆਪਣੇ ਖਾਣ-ਪੀਣ ’ਤੇ ਧਿਆਨ ਦੇਵੋ ਅਤੇ ਸਾਫ਼ ਸੁੱਥਰੇ ਅਤੇ ਸਹੀ ਖਾਧ ਪਦਾਰਥਾਂ ਦਾ ਸੇਵਨ ਕਰੋ।ਕਿਹਾ ਕਿ ਨਰਸਿੰਗ ਦਾ ਪੇਸ਼ਾ ਬਹੁਤ ਹੀ ਮਹਾਨ ਹੈ ਅਤੇ ਵਿਦੇਸ਼ਾਂ ’ਚ ਇਸ ਕਿੱਤੇ ਦੀ ਬਹੁਤ ਡਿਮਾਂਡ ਹੈ।ਪ੍ਰਿੰਸੀਪਲ ਕਮਲਜੀਤ ਕੌਰ ਨੇ ਵਿਸ਼ਵ ਸਿਹਤ ਦਿਵਸ ਦਾ ਮਹੱਤਵ ਦੱਸਦੇ ਹੋਏ ਇਸ ਦੇ ਮੁੱਖ ਵਿਸ਼ੇ ‘ਅਵਰ ਪਲਾਂਟ ਅਵਰ ਹੈਲਥ’ ’ਤੇ ਚਾਨਣਾ ਪਾਇਆ।
             ਕਾਲਜ ਦੀ ਕਲੀਨਿਕਲ ਇੰਸਟਰੱਕਟਰ ਅਨੁਪ੍ਰੀਤ ਕੌਰ ਨੇ ‘ਵਿਸ਼ਵ ਸਿਹਤ ਦਿਵਸ’ ਦੇ ਥੀਮ ਬਾਰੇ ਦੱਸਿਆ।ਵਿਦਿਆਰਥੀਆਂ ਨੇ ‘ਸਿਹਤ ਦਿਵਸ ਮਨਾਉਂਦਿਆ ਕਵਿਤਾਵਾਂ ਗਾਈਆਂ ਤੇ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ।ਜੇਤੂਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ ਗਏ।ਡਾ. ਕਮਲਜੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਨੀਲਮ ਹੰਸ ਦੁਆਰਾ ਆਨ. ਸਕੱਤਰ ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ।
                ਇਸੇ ਤਰ੍ਹਾਂ ਇੰਜੀਨੀਅਰਿੰਗ ਕਾਲਜ ਵਿਖੇ ਕਰਵਾਏ ਹੈਲਥ ਟਾਕ ਪ੍ਰੋਗਰਾਮ ਮੌਕੇ ਡਾਇਰੈਕਟਰ ਮੰਜ਼ੂ ਬਾਲਾ ਨੇ ਕਿਹਾ ਕਿ ਮੌਜ਼ੂਦਾ ਵਰਲਡ ਹੈਲਥ ਡੇਅ ਦਾ ਵਿਸ਼ਾ ‘ਸਿਹਤਮੰਦ ਗ੍ਰਹਿ, ਸਿਹਤਮੰਦ ਜੀਵਨ’ ਦੇ ਮੁਤਾਬਿਕ ਇਸ ਗੱਲਬਾਤ ਦਾ ਟੀਚਾ ਇਸ ਪੱਖ ਵੱਲ ਧਿਆਨ ਖਿੱਚਣਾ ਹੈ ਕਿ ਇਨਸਾਨਾਂ ਅਤੇ ਇਸ ਗ੍ਰਹਿ ਨੂੰ ਤੰਦਰੁਸਤ ਰੱਖਣ ਲਈ ਕਿਸ ਤਰ੍ਹਾਂ ਦੇ ਕਦਮ ਤੁਰੰਤ ਚੁਕਣੇ ਲਾਜ਼ਮੀ ਹਨ ਅਤੇ ਤੰਦਰੁਸਤੀ ਤੇ ਕੇਂਦ੍ਰਿਤ ਸਮਾਜ ਦੀ ਸਿਰਜਣਾ ਲਈ ਇਕ ਅੰਦੋਲਨ ਨੂੰ ਉਤਸ਼ਾਹਿਤ ਕਰਨਾ ਹੈ।
ਡਾ. ਰਵੀ ਮਹਾਜਨ, ਬਿਕਰਮਜੀਤ ਸਿੰਘ, ਜਤਿਨ ਸ਼ਰਮਾ, ਡਾ. ਰਿਪਿਨ ਕੋਹਲੀ, ਡਾ. ਅਮਿਤ ਮਹਾਜਨ ਅਤੇ ਤਾਰਿਕ ਅਹਿਮਦ ਮੌਜ਼ੂਦ ਸਨ।ਡਾ. ਮਹਾਜਨ ਨੇ ਆਪਣੇ ਭਾਸ਼ਣ ਦੌਰਾਨ ਸਿਹਤ ਨੂੰ ਪ੍ਰਭਾਵਿਤ ਕਰਦੇ ਪ੍ਰਮੁੱਖ ਮੁੱਦੇ ਉਜਾਗਰ ਕੀਤੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਅਤੇ ਵਰਤੀਆਂ ਜਾਣ ਵਾਲੀ ਸਾਵਧਾਨੀਆਂ ਵੀ ਦੱਸੀਆਂ।
           ਬਿਕਰਮਜੀਤ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਵਾਤਾਵਰਣ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਕੇਵਲ ਸਰਕਾਰ ’ਤੇ ਹੀ ਨਿਰਭਰ ਰਹਿਣ ਦੀ ਬਜਾਏ ਆਪਣੇ ਪੱਧਰ ’ਤੇ ਇਸ ਦਿਸ਼ਾ ’ਚ ਕਾਰਜ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਬਿਹਤਰੀ ਪ੍ਰਤੀ ਵਿਵਹਾਰਕ ਹੋਣ ਦੀ ਜਰੂਰਤ ਬਾਰੇ ਜਾਣਕਾਰੀ ਦਿੱਤੀ।
                  ਜਤਿਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਿਹਤ ਅਤੇ ਸਿਹਤਮੰਦ ਖੁਰਾਕ ਪ੍ਰਤੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਉਹ ਹਾਂ, ਜੋ ਅਸੀਂ ਖਾਂਦੇ ਹਾਂ।ਇਹ ਬਹੁਤ ਹੀ ਜਰੂਰੀ ਹੈ ਕਿ ਅਸੀਂ ਚੰਗੀ ਖੁਰਾਕ ਖਾਈਏ ਅਤੇ ਹੈਲਥੀ ਲਾਈਫਸਟਾਈਲ ਨੂੰ ਆਪਣਾਈਏ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੰਤੁਲਿਤ ਖੁਰਾਕ ਜਿਵੇਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਵਾਂਗੇ ਤਾਂ ਅਸੀਂ ਤੰਦੁਰੁਸਤ ਰਹਾਂਗੇ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਸਕਾਰਾਤਮਕਤਾ ਵੱਲ ਧਿਆਨ ਦਿੰਦੇ ਹੋਏ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣਾ ਚਾਹੀਦਾ ਹੈ ਅਤੇ ‘ਸਿਹਤ ਹੀ ਦੌਲਤ ਹੈ’ ਦਾ ਅਸਲ ਅਰਥ ਸਮਝਾਇਆ।
              ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਮਾਨਸਿਕ ਤੰਦਰੁਸਤੀ ਦੇ ਲਾਭ ਦੱੱਸੇ।ਉਨ੍ਹਾ ਕਿਹਾ ਕਿ ਛੋਟੀਆਂ ਛੋਟੀਆਂ ਗੱਲਾਂ ਵੀ ਮਾਇਨੇ ਰੱਖਦੀਆਂ ਹਨ ਅਤੇ ਛੋਟੇ ਤੋਂ ਛੋਟਾ ਕਦਮ ਵੀ ਵੱਡੇ ਬਦਲਾਅ ਲਿਆ ਸਕਦਾ ਹੈ।ਸੈਮੀਨਾਰ ਦੌਰਾਨ ਮੌਜ਼ੂਦ ਸਾਰੇ ਪ੍ਰਤੀਭਾਗੀਆਂ ਨੇ ਸੰਹੁ ਲਈ ਅਤੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਤੰਦਰੁਸਤ ਗ੍ਰਹਿ ਅਤੇ ਤੰਦਰੁਸਤ ਜੀਵਨ ਦੀ ਦਿਸ਼ਾ ਵੱਲ ਕੰਮ ਕਰਨਗੇ।ਆਏ ਮਹਿਮਾਨਾਂ ਦਾ ਧੰਨਵਾਦ ਇੰਜ: ਅਮਿਤ ਮਹਾਜਨ ਅਤੇ ਤਾਰਿਕ ਅਹਿਮਦ ਵਲੋਂ ਕੀਤਾ ਗਿਆ।ਇਸ ਆਯੋਜਨ ’ਚ ਤਕਨੀਕੀ ਸਹਿਯੋਗ ਹਰਮੀਤ ਸਿੰਘ ਨੇ ਦਿੱਤਾ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …