
ਅੰਮ੍ਰਿਤਸਰ, 26 ਨਵੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ‘ਗੁਰੂ ਨਾਨਕ ਬਾਣੀ ਦਾ ਵਿਆਖਿਆ ਸ਼ਾਸਤਰ: ਵਿਭਿੰਨ ਪਰਿਪੇਖ’ ਵਿਸ਼ੇ ‘ਤੇ ਦੋ ਰੋਜ਼ਾ 29ਵਾਂ ਸਾਲਾਨਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਸ਼ੁਰੂ ਹੋ ਗਿਆ। ਸੈਮੀਨਾਰ ਦਾ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤਾ।ਪ੍ਰੋਫੈਸਰ ਬਰਾੜ ਨੇ ਕਿਹਾ ਕਿ ਗੁਰਬਾਣੀ ਦੀ ਸਰਲ ਤੇ ਸਹੀ ਵਿਆਖਿਆ ਵਿਗਿਆਨਕ ਪਹੁੰਚ ਵਿਧੀ ਰਾਹੀਂ ਪੰਜਾਬੀ ਅਤੇ ਹੋਰ ਭਾਸ਼ਾਵਾਂ ਵਿਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਗੁਰਬਾਣੀ ਨੂੰ ਵਿਸ਼ਵ ਦੇ ਕੋਨੇ ਕੋਨੇ ਵਿਚ ਪੁਚਾਇਆ ਜਾਵੇ। ਪ੍ਰਸਿੱਧ ਵਿਦਵਾਨ ਤੇ ਕਵੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਆਫ ਐਮੀਨੈਂਸ, ਡਾ. ਜਸਵੰਤ ਸਿੰਘ ਨੇਕੀ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ।ਡਾ. ਨੇਕੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਬਹੁਪਰਤੀ ਮੂਲ ਪਾਠ ਨੂੰ ਸਮਝਣ ਲਈ ਰੂਪਕ ਅਲੰਕਾਰ ਅਤੇ ਚਿਨ੍ਹਾਂ ਨੂੰ ਪੁਨਰ ਨਿਰਧਾਰਤ ਕਰਨ ਦੀ ਲੋੜ ਹੈ ਕਿਉਂਕਿ ਗੁਰਬਾਣੀ ਦੀਆਂ ਵੱਖ-ਵੱਖ ਧਾਰਨਵਾਂ ਦੇ ਬਹੁਤ ਸਾਰੇ ਪਾਸਾਰ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਸਮਝਣ ਲਈ ਪਰਾਬੌਧਿਕ ਅਨੁਭਵ ਜਿਵੇਂ ਰਹੱਸ ਆਦਿ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
ਪੂਨੇ ਯੂਨੀਵਰਸਿਟੀ, ਪੁਨੇ ਦੇ ਫਿਲਾਸਫੀ ਵਿਭਾਗ ਦੇ ਮੁਖੀ, ਪ੍ਰੋ. ਸੁਰਜੀਤ ਕੌਰ ਚਾਹਲ ਨੇ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਸਾਧਾਰਣ ਪੁਸਤਕਾਂ ਵਾਲਾ ਵਿਆਖਿਆ ਸ਼ਾਸਤਰ ਲਾਗੂ ਕਰਨਾ ਯੋਗ ਗੱਲ ਨਹੀਂ ਹੈ। ਉਨ੍ਹਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ-ਪੱਖੀ ਅਧਿਐਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨੂੰ ਉਸ ਦੇ ਸਮੁੱਚੇ ਪ੍ਰਸੰਗ ਵਿਚ ਸਮਝਣ ਦੀ ਲੋੜ ਹੈ, ਨਾ ਕਿ ਇਕੱਲੀ ਤੁਕ ਜਾਂ ਇਕ ਬਾਣੀ ਦੇ ਰੂਪ ਵਿਚ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿਆਖਿਆ ਦਾ ਵਰਤਾਰਾ ਲਗਾਤਰ ਚਲਦੇ ਰਹਿਣਾ ਚਾਹੀਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਇਨਸਾਇਕਲੋਪੀਡੀਆ ਆਫ ਸਿੱਖਇਜ਼ਮ ਦੇ ਐਡੀਟਰ ਇਨ ਚੀਫ, ਪ੍ਰੋ. ਜੋਧ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਗੁਰਬਾਣੀ ਵਿਆਖਿਆ ਦੀ ਸ਼ੁਰੂਆਤ ਮੰਨੀ ਅਤੇ ਭਾਈ ਗੁਰਦਾਸ, ਨਿਰਮਲ ਸੰਪਰਦਾਇ ਆਦਿ ਦੇ ਯੋਗਦਾਨ ਨੂੰ ਦਰਸਾਇਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸੈਮੀਨਾਰ ਦੇ ਡਾਇਰੈਕਟਰ ਅਤੇ ਵਿਭਾਗ ਦੇ ਮੁਖੀ, ਪ੍ਰੋ. ਸ਼ਸ਼ੀ ਬਾਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੈਮੀਨਾਰ ਬਾਰੇ ਵਿਸਥਾਰਪੁੂਰਵਕ ਜਾਣਕਾਰੀ ਦਿੱਤੀ। ਡਾ. ਮਨਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਪਹਿਲੇ ਅਕਾਦਮਿਕ ਸੈਸ਼ਨ ਵਿਚ ਡਾ. ਰਮਿੰਦਰਜੀਤ ਕੌਰ, ਡਾ. ਗੁਲਜ਼ਾਰ ਸਿੰਘ ਕੰੰਗ, ਡਾ. ਗੁਰਮੇਲ ਸਿੰਘ, ਡਾ. ਪਰਮਜੀਤ ਸਿੰਘ ਸਿੱਧੂ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ।
Punjab Post Daily Online Newspaper & Print Media