Tuesday, August 25, 2026

ਯੂਨੀਵਰਸਿਟੀ ਵਿਖੇ `ਸਹਜ ਗੁਫਾ ਮਹਿ ਆਸਣੁ` ਨਾਵਲ `ਤੇ ਵਿਚਾਰ ਗੋਸ਼ਟੀ ਦਾ ਆਯੋਜਨ

ਅੰਮ੍ਰਿਤਸਰ, 20 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ ਮੰਚ ਵਲੋਂ ਡਾ. ਮਨਮੋਹਨ ਰਚਿਤ ਨਾਵਲ ‘ਸਹਜ ਗੁਫਾ ਮਹਿ ਆਸਣੁ’ ਬਾਰੇ ਵਿਚਾਰ-ਗੋਸ਼ਟੀ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਕਰਵਾਈ ਗਈ।ਜਿਸ ਦੇ ਮੁੱਖ ਵਕਤਾ ਪ੍ਰੋ. ਅਵਤਾਰ ਸਿੰਘ (ਰਾਮਗੜ੍ਹੀਆ ਕਾਲਜ, ਫਗਵਾੜਾ) ਸਨ।ਸਮਾਗਮ ਦੀ ਪ੍ਰਧਾਨਗੀ ਪ੍ਰੋ. ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ) ਵਲੋਂ ਕੀਤੀ ਗਈ।ਸਮਾਗਮ ਵਿੱਚ ਪ੍ਰਸਿੱਧ ਨਾਵਲਕਾਰ ਡਾ. ਮਨਮੋਹਨ (ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਭਾਰਤ ਸਰਕਾਰ) ਨੇ ਸ਼ਿਰਕਤ ਕੀਤੀ।ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨਾਲ ਰਸਮੀ ਜਾਣ-ਪਛਾਣ ਕਰਵਾਈ।ਇਸ ਉਪਰੰਤ ਡਾ ਹਰਿੰਦਰ ਕੌਰ ਨੇ ਪੰਜਾਬੀ ਖੋਜ਼ ਮੰਚ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ।ਸਮਾਗਮ ਦਾ ਸੰਚਾਲਨ ਡਾ. ਪਵਨ ਕੁਮਾਰ ਵਲੋਂ ਕੀਤਾ ਗਿਆ।ਸਮਾਗਮ ਦੇ ਮੁੱਖ ਵਕਤਾ ਪ੍ਰੋ. ਅਵਤਾਰ ਸਿੰਘ ਨੇ ਇਸ ਨਾਵਲ ਦਾ ਸਾਹਿਤਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਪ੍ਰਸਤੁਤ ਕੀਤਾ।ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਨੇ ਆਧੁਨਿਕ ਸਾਹਿਤ ਰੂਪ ਨਾਵਲ ਰਾਹੀਂ ਭਾਰਤੀ ਪ੍ਰਾਚੀਨ ਗਿਆਨ ਪਰੰਪਰਾ ਨੂੰ ਚਿਤਰਣ ਦਾ ਸਫ਼ਲ ਯਤਨ ਕੀਤਾ ਹੈ।ਉਹਨਾਂ ਇਸ ਨਾਵਲ ‘ਤੇ ਚਰਚਾ ਕਰਦਿਆਂ ਕਿਹਾ ਕਿ ਇਸ ਨਾਵਲ ਵਿੱਚ ਪ੍ਰਕਿਰਤੀ ਚਿਤਰਣ, ਸੰਗੀਤਕ ਪਹੁੰਚ, ਨਿਰਪੱਖ ਪਾਤਰ ਉਸਾਰੀ ਅਤੇ ਦਾਰਸ਼ਨਿਕਤਾ ਦੇ ਅੰਸ਼ ਸ਼ਾਮਲ ਹਨ। ਇਸ ਨਾਵਲ ਬਾਰੇ ਵਿਚਾਰ-ਚਰਚਾ ਕਰਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਨਾਵਲ ਵਿੱਚ ਕਲਾਸੀਕਲ ਰਚਨਾ ਵਾਲੇ ਅੰਸ਼ ਮੌਜੂਦ ਹਨ।ਇਕੋ ਵੇਲੇ ਇਹ ਨਾਵਲ ਨੈਤਿਕਤਾ, ਸ਼ਿੰਗਾਰ ਅਤੇ ਵੈਰਾਗ ਦੀ ਸੰਯੁਕਤੀ ਪ੍ਰਸਤੁਤ ਕਰਦਾ ਹੈ।ਇਸ ਉਪਰੰਤ ਡਾ. ਮਨਮੋਹਨ ਵਿਦਿਆਰਥੀਆਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਨਾਲ ਨਾਵਲ ਸਿਰਜਣ-ਪ੍ਕਿਰਿਆ ਦੇ ਅਨੁਭਵ ਸਾਂਝੇ ਕੀਤੇ।
ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਨਾਵਲ ਬਾਰੇ ਕਿਹਾ ਕਿ ਮਨਮੋਹਨ ਦਾ ਇਹ ਨਾਵਲ ਸੂਖ਼ਮ ਗਿਆਨ ਤੇ ਨਿਰੰਤਰ ਸਾਧਨਾ ਦੀ ਉਪਜ ਹੈ ਜੋ ਅਸਲ ਵਿੱਚ ਮਿੱਥ ਰੂਪਾਂਤਰਣ ਰਾਹੀਂ ਉਪਜਿਆ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਡਾ. ਮਨਮੋਹਨ ਦੇ ਨਾਵਲ ਨੂੰ ਪੰਜਾਬੀ ਨਾਵਲ ਜਗਤ ਵਿੱਚ ਡੂੰਘੀ ਦਾਰਸ਼ਨਿਕ ਪਹੁੰਚ ਵਾਲਾ ਨਾਵਲ ਮੰਨਿਆ ਹੈ।ਇਸ ਵਿਚਾਰ-ਗੋਸ਼ਟੀ ਵਿਚ ਹਿੱਸਾ ਲੈਂਦਿਆਂ ਡਾ ਬਲਜੀਤ ਕੌਰ ਰਿਆੜ ਨੇ ਕਿਹਾ ਕਿ ਮਨਮੋਹਨ ਦਾ ਇਹ ਨਾਵਲ ਵਿਲੱਖਣ ਤੇ ਨਿਵੇਕਲੀ ਕਿਸਮ ਦਾ ਹੈ।ਇਸ ਨਾਵਲ ਰਾਹੀਂ ਪੰਜਾਬੀ ਨਾਵਲ ਜਗਤ ਵਿਚ ਦਾਰਸ਼ਨਿਕ ਪੱਧਰ ਦੇ ਨਾਵਲ ਲਿਖਣ ਦੀ ਨਵੀਂ ਪਿਰਤ ਪੈ ਰਹੀ ਹੈ।ਸਮਾਗਮ ਦੇ ਅੰਤ `ਤੇ ਵਿਭਾਗ ਦੇ ਸੀਨੀਅਰ ਪ੍ਰੋ਼ਫੈਸਰ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
              ਇਸ ਮੌਕੇ ਡਾ. ਮੇਘਾ ਸਲਵਾਨ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਤੇ ਖੋਜ-ਵਿਦਿਆਰਥੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …