ਪੰਜਾਬੀ ਗਾਇਕ ਮਹਿਤਾਬ ਵਿਰਕ ਹੁਣ ਪੰਜਾਬੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ‘ਚ ਹੀਰੋ ਬਣ ਕੇ ਆਇਆ ਹੈ।ਉਸ ਦੀ ਇਹ ਫ਼ਿਲਮ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ।ਬਨਵੈਤ ਫ਼ਿਲਮਜ਼ ਅਤੇ ਸਚਿਨ-ਅੰਕੁਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਮੁਹੱਬਤ ਤੋਂ ਪਿਆਰ-ਵਿਆਹ ‘ਚ ਬੱਝੀ ਰੁਮਾਂਟਿਕ ਲਾਈਫ਼ ਅਤੇ ਨੂੰਹ ਸੱਸ ਦੀ ਨੋਕ-ਝੋਕ ਅਧਾਰਿਤ ਦਿਲਚਸਪ ਕਮਿਸਟਰੀ ਹੈ।ਪੰਜਾਬੀ ਗਾਇਕ ਮਹਿਤਾਬ ਵਿਰਕ ਬਤੌਰ ਹੀਰੋ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪਰਦੇ ‘ਤੇ ਆਇਆ ਹੈ ਅਤੇ ਨਾਲ ਹੀ ਨਾਮਵਰ ਮਾਡਲ ਤਨਵੀ ਨਾਗੀ ਵੀ ਪਹਿਲੀ ਵਾਰ ਵੱਡੇ ਪਰਦੇ ‘ਤੇ ਬਤੌਰ ਹੀਰੋਇਨ ਬਣੀ ਹੈ।ਇਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਨਿਸ਼ਾ ਬਾਨੋ, ਅਕਿਸ਼ਤਾ ਸ਼ਰਮਾ, ਤਰਸੇਮ ਪੌਲ, ਦਿਲਾਵਰ ਸਿੱਧੂ, ਮਨਜੀਤ ਕੌਰ ਔਲਖ, ਸੰਨੀ ਗਿੱਲ, ਰਵਿੰਦਰ ਮੰਡ, ਡੌਲੀ ਸਿੰਘ ਅਤੇ ਸਤਿੰਦਰ ਕੌਰ ਸਮੇਤ ਕੁੱਝ ਨਵੇਂ ਚਿਹਰਿਆਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪ੍ਰਵੀਨ ਕੁਮਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ।ਫ਼ਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਆਕੁੰਸ਼ ਗੁਪਤਾ ਅਤੇ ਸਚਿਨ ਗੁਪਤਾ ਹਨ।ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਮਹਿਤਾਬ ਵਿਰਕ ਨੇ ਦੱਸਿਆ ਕਿ ਇਹ ਫ਼ਿਲਮ ਸਾਡੇ ਪਰਿਵਾਰਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਕਾਮੇਡੀ ਭਰਪੂਰ ਡਰਾਮਾ ਫ਼ਿਲਮ ਹੈ, ਜੋ ਮਨੋਰੰਜਨ ਦੇ ਨਾਲ ਨਾਲ ਵੱਡੀ ਨਸੀਹਤ ਵੀ ਦੇਵੇਗੀ ਕਿ ਧੀਆਂ ਦੇ ਮਾਪਿਆਂ ਨੂੰ ਕਦੇ ਵੀ ਧੀ ਦੇ ਸਹੁਰੇ ਪਰਿਵਾਰ ਦੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਅਤੇ ਨੂੰਹ ਸੱਸ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਦੀ ਹੋਈ, ਉਨਾਂ ਦੇ ਆਪਸੀ ਪਿਆਰ ਤੇ ਸਤਿਕਾਰ ‘ਚ ਵਾਧਾ ਕਰੇਗੀ।ਫ਼ਿਲਮ ਵਿੱਚ ਹਾਲਾਤ ਮੁਤਾਬਿਕ ਬਦਲਦੇ ਜਾ ਰਹੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਗਈ ਹੈ।
ਪੰਜਾਬ ਦੇ ਨਾਲ ਲੱਗਦੇ ਹਰਿਆਣਾ ਸੂਬੇ ਦੇ ਜਿਲਾ੍ਹ ਕਰਨਾਲ ‘ਚ ਪੇਂਦੇ ਪਿੰਡ ਰੁਗਸਾਣਾ ਦੇ ਜੰਮਪਲ ਮਹਿਤਾਬ ਵਿਰਕ ਦਾ ਜਨਮ 10 ਮਈ 1992 ਨੂੰ ਪਿਤਾ ਸਵ. ਹਰਦੀਪ ਸਿੰਘ ਵਿਰਕ ਅਤੇ ਮਾਤਾ ਕੁਲਦੀਪ ਕੌਰ ਦੇ ਗ੍ਰਹਿ ਵਿਖੇ ਹੋਇਆ।ਮਹਿਤਾਬ ਨੇ ਆਪਣੇ ਇਸ ਗਾਇਕੀ ਦੇ ਸ਼ੌਕ ਦੇ ਚੱਲਦਿਆਂ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।ਮਹਿਤਾਬ ਦੇ ਪਿਤਾ ਜੀ ਆਪ ਵੀ ਮਹਿਤਾਬ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਸਨ ਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਮਹਿਫਲਾਂ ‘ਚ ਮਹਿਤਾਬ ਦੇ ਗੀਤ ਸੁਣਦੇ ਸਨ।ਉਨਾਂ੍ਹ ਦੀ ਇਹ ਦਿਲੀ ਤਮੰਨਾ ਸੀ ਮਹਿਤਾਬ ਭਵਿੱਖ ਵਿੱਚ ਗਾਇਕੀ ਦੇ ਖੇਤਰ ਵਿੱਚ ਕੁੱਝ ਬਣ ਕੇ ਦਿਖਾਵੇ।ਆਪਣੇ ਪਿਤਾ ਜੀ ਦੀ ਇਸ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਮਹਿਤਾਬ ਆਪਣੀ ਸਖਤ ਮਿਹਨਤ ਤੇ ਪੂਰੀ ਲਗਨ ਸਦਕਾ ਪੰਜਾਬੀ ਗਾਇਕੀ ਨੂੰ ਸਮਰਪਿਤ ਹੁੰਦੇ ਹੋਏ ਅੱਜ ਸਫਲਤਾ ਦੀਆ ਲੀਹਾਂ ‘ਤੇ ਚੱਲਦਾ ਨਜ਼ਰ ਆ ਰਿਹਾ ਹੈ।ਪਾਲੀਵੁੱਡ ਖੇਤਰ ਵਿੱਚ ਮਿਲ ਰਹੀ ਇਸ ਸਫਲਤਾ ਲਈ ਮਹਿਤਾਬ ਵਿਰਕ ਆਪਣੇ ਸਮੂਹ ਪਰਿਵਾਰ, ਪਿੰਡ ਵਾਸੀਆਂ ਅਤੇ ਦੋਸਤਾਂ ਮਿੱਤਰਾਂ ਦਾ ਵੱਡਾ ਸਹਿਯੋਗ ਮੰਨਦਾ ਹੈ।ਜਿਨਾਂ ਵਲੋਂ ਉਸ ਨੂੰ ਹਮੇਸ਼ਾਂ ਅੱਗੇ ਵਧਣ ਲਈ ਹੌਸਲਾ ਤੇ ਭਰਪੂਰ ਸਾਥ ਮਿਲਦਾ ਆ ਰਿਹਾ ਹੈ।ਮਹਿਤਾਬ ਨੂੰ ਆਪਣੀ ਇਸ ਫ਼ਿਲਮ ਤੋਂ ਬਹੁਤ ਉਮੀਦਾਂ ਹਨ। ਆਸ ਹੈ ਕਿ ਦਰਸ਼ਕ ਉਸ ਨੂੰ ਪੰਜਾਬੀ ਵੱਡੇ ਪਰਦੇ ‘ਤੇ ਜਰੂਰ ਪਸੰਦ ਕਰਨਗੇ।0105202210

ਹਰਜਿੰਦਰ ਸਿੰਘ ਜਵੰਦਾ
ਮੋ- 9463828000
Punjab Post Daily Online Newspaper & Print Media