Saturday, November 23, 2024

ਮਹਾਦਾਨੀ (ਮਿੰਨੀ ਕਹਾਣੀ)

            ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ।ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।
               “ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ।ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ।ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।
              “ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ।ਤੁਸੀਂ ਬੀਜ਼ ਕੇ ਗਈਆਂ ਸੀ।ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”, ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿੱਚਲੀਆਂ ਬੱਲੀਆਂ ਉਥੇ ਹੀ ਢੇਰੀ ਕਰ ਦਿੱਤੀਆਂ।
            “ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ, ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ।ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।
              “ਨੀ ਭੂਰੋ ਤੂੰ ਤਾਂ ਕਮਲੀ ਐ।ਹੁਣ ਉਹ ਲੋਕ ਨਾ ਰਹੇ।ਚੌਧਰ ਦਾ ਟੈਮ ਐ।ਗੁਰਦੁਆਰੇ ਕਣਕ ਤਾਂ ਦਿੱਤੀ, ਉਥੇ ਤਾਂ ਸਰਦਾਰ ਦਾ ਨਾਂਓ ਪੱਥਰ ‘ਤੇ ਲਿਖਿਆ ਜਾਵੇਗਾ।ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ।ਆਪਾਂ ਗਰੀਬ, ਉਥੇ ਸਾਰੀ ਦੁਨੀਆ ‘ਚ ਦਾਨੀ ਕਹਾਉਣਾ।ਪੱਥਰ ‘ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ ‘ਤੇ ਵੀ ਨਹੀਂ ਲਿਖਣਾ ਆਉਂਦਾ।ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।
                 “ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ‘ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ।ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉਥੇ ਖਾਲੀ ਬੋਰੀ ਸੁੱਟਦਿਆਂ ਕਿਹਾ ‘ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ। 0105202207

ਸੁਖਵਿੰਦਰ ਕੌਰ ‘ਹਰਿਆਓ’
ਉੱਭਵਾਲ, ਸੰਗਰੂਰ
ਮੋ- 8427405492

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …