ਲੜਕੀਆਂ ਨੂੰ ਆਤਮ ਨਿਰਭਰ ਬਣਨਾ ਚਾਹੀਦਾ – ਛੀਨਾ
ਅੰਮ੍ਰਿਤਸਰ, 8 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸੈਸ਼ਨ ਦੀ ਸਮਾਪਤੀ ਅਤੇ ਆਉਣ ਵਾਲੇ ਇਮਤਿਹਾਨਾਂ ’ਚ ਵਿਦਿਆਰਥੀਆਂ ਦੇ ਚੰਗੇ
ਨਤੀਜ਼ਿਆਂ ਦੇ ਸਬੰਧ ’ਚ ‘ਅਰਦਾਸ ਦਿਵਸ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਜਪੁ ਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਾਲਜ ਵਿਦਿਆਰਥਣਾਂ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸਰਸ਼ਾਰ ਕੀਤਾ ਗਿਆ।
ਉਚੇਚੇ ਤੌਰ ’ਤੇ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੌਂਸਲ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਦਾ ਨਾਮ ਲੈਂਦਿਆਂ ਅਰਦਾਸ ਸਬੰਧੀ ਗਵਰਨਿੰਗ ਕੌਂਸਲ ਦੀ ਪ੍ਰਥਾ ਬਾਰੇ ਚਾਨਣਾ ਪਾਉਂਦਿਆਂ ਆਪਣੇ ਸੰਬੋਧਨ ’ਚ ਕਿਹਾ ਕਿ ਵਿੱਦਿਆ ਔਰਤ ਦੇ ਸਰਵਪੱਖੀ ਵਿਕਾਸ ਦਾ ਕੇਂਦਰ ਬਿੰਦੂ ਹੈ।ਉਨ੍ਹਾਂ ਵਿਦਿਆਰਥਣਾਂ ਨੂੰ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਔਰਤਾਂ ਦੇਸ਼ ਦਾ ਭਵਿੱਖ ਹਨ, ਇਸ ਲਈ ਉਨ੍ਹਾਂ ਪੜ੍ਹ-ਲਿਖ ਕੇ ਆਤਮ-ਨਿਰਭਰ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਵਰਤਮਾਨ ਸਮੇਂ ’ਚ ਪੜ੍ਹਾਈ ’ਚ ਕੁੜੀਆਂ ਮੁੰਡਿਆਂ ਤੋਂ ਮੋਹਰੀ ਹਨ ਅਤੇ ਆਪਣੀ ਪ੍ਰਤਿਭਾ ਨਾਲ ਉਹ ਕਈ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਲੜਕੀਆਂ ਦਾ ਅਸਲੀ ਗਹਿਣਾ ਉਚ ਵਿੱਦਿਆ ਹੀ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਾਲਜ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਥਾ ਦਾ ਮਕਸਦ ਔਰਤ ਨੂੰ ਸਿੱਖਿਅਤ ਕਰਕੇ ਉਸ ਅੰਦਰ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਜਿਹੇ ਗੁਣ ਪੈਦਾ ਕਰਨਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ ਆਪਣੇ ਮੁੱਢਲੇ ਫ਼ਰਜਾਂ ਨੂੰ ਪਛਾਨਣ ਅਤੇ ਦੇਸ਼ ਦੀ ਤਰੱਕੀ ਲਈ ਉਹ ਮੋਹਰੀ ਬਣਨ ਅਤੇ ਮਨ ਨੰੂ ਸੱਚੀ-ਸੁੱਚੀ ਸੋਚ ਨੂੰ ਪਛਾਉਣ ਦੀ ਅਪੀਲ ਕੀਤੀ।
ਛੀਨਾ ਨੇ ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਕੀਰਤਨ ਗਾਇਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।ਸਮਾਗਮ ਦੌਰਾਨ ਛੀਨਾ ਨੇ ਡਾ. ਸੁਰਿੰਦਰ ਕੌਰ ਦੀ ਕਾਲਜ ਪ੍ਰਤੀ ਸੇਵਾਵਾਂ ਸਬੰਧੀ ਸ਼ਲਾਘਾ ਕੀਤੀ।ਡਾ. ਸੁਰਿੰਦਰ ਕੌਰ ਨੇ ਹਾਜ਼ਰ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਪ੍ਰੀਖਿਆ ’ਚ ਅਵੱਲ ਆਉਣ ਲਈ ਉਤਸ਼ਾਹਿਤ ਕੀਤਾ ਅਤੇ ਭਵਿੱਖ ’ਚ ਬੁਲੰਦੀਆਂ ਛੂਹਣ ਦੀ ਕਾਮਨਾ ਕੀਤੀ।
ਇਸ ਸਮਾਗਮ ’ਚ ਕੌਂਸਲ ਦੇ ਜੁਆਇੰਟ ਸਕੱਤਰ ਸਰਦੂਲ ਸਿੰਘ ਮੰਨਨ, ਅਜ਼ਮੇਰ ਸਿੰਘ ਹੇਰ, ਮੈਂਬਰ ਟੀ.ਪੀ.ਐਸ ਸੰਧੂ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਪ੍ਰੋ: ਗੁਰਦੇਵ ਸਿੰਘ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਪਿ੍ਰੰਸੀਪਲ ਏ.ਐਸ ਗਿੱਲ, ਅੰਡਰ ਸੈਕਟਰੀ ਡੀ.ਐਸ ਰਟੌਲ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।
Punjab Post Daily Online Newspaper & Print Media