Tuesday, April 21, 2026

ਮਾਲਵੇ ਦੇ ਚਾਰ ਜਿਲ੍ਹਿਆਂ ਦੇ ਸਨਅਤਕਾਰਾਂ ਨੇ ਜਨਤਾ ਬਜ਼ਟ ਬਾਰੇ ਲੋਕਾਂ ਤੋਂ ਸੁਝਾਅ ਮੰਗਣ ਦੀ ਕੀਤੀ ਸ਼ਲਾਘਾ

ਉਦਯੋਗਾਂ ਨੂੰ ਉਤਸ਼ਾਹਿਤ ਕਰਨ ਨਾਲ ਪੰਜਾਬ ਦੀ ਆਰਥਿਕਤਾ ਮੁੜ ਲੀਹ `ਤੇ ਆਵੇਗੀ – ਚੀਮਾ

ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮਾਲਵਾ ਖੇਤਰ ਦੇ ਚਾਰ ਪ੍ਰਮੁੱਖ ਜਿਲ੍ਹਿਆਂ ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮਲੇਰਕੋਟਲਾ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਗਾਮੀ ਬਜ਼ਟ ਸਬੰਧੀ ਲੋਕਾਂ ਤੋਂ ਸੁਝਾਅ ਮੰਗਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।ਉਦਯੋਗਪਤੀਆਂ ਨੇ ਬੀਤੇ ਦਿਨੀ ਕਿਹਾ ਕਿ ਆਗਾਮੀ `ਜਨਤਾ ਬਜ਼ਟ` ਬਾਰੇ ਲੋਕਾਂ ਤੋਂ ਪਹਿਲੀ ਵਾਰ ਸੁਝਾਅ ਮੰਗਣਾ ਇੱਕ ਇਤਿਹਾਸਕ ਤਬਦੀਲੀ ਹੈ।
              ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਆਬਕਾਰੀ ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਨਅਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ‘ਜਨਤਾ ਬਜ਼ਟ’ ਦਾ ਖਰੜਾ ਤਿਆਰ ਕਰਨ ਮੌਕੇ ਉਨ੍ਹਾਂ ਦੇ ਵਡਮੁੱਲੇ ਸੁਝਾਵਾਂ ਨੂੰ ਜਰੂਰ ਵਿਚਾਰਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਹ `ਆਪ` ਸਰਕਾਰ ਦੀ ਨੀਤੀ ਦਾ ਹਿੱਸਾ ਹੈ, ਜੋ ਆਮ ਲੋਕਾਂ ਨੂੰ ਇਸ ਦੇ ਅਹਿਮ ਫੈਸਲਿਆਂ `ਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਆਨਲਾਈਨ ਸੁਝਾਅ ਲੈਣ ਤੋਂ ਇਲਾਵਾ, ਉਹ ਅਤੇ ਉਨ੍ਹਾਂ ਦੀ ਟੀਮ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕਈ ਜਿਲ੍ਹਿਆਂ ਦਾ ਦੌਰਾ ਕਰ ਰਹੀ ਹੈ ਤਾਂ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਦਾ ਫੀਡਬੈਕ ਲਿਆ ਜਾ ਸਕੇ।
             ਇਸ ਮੀਟਿੰਗ ਵਿੱਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਰਿੰਦਰ ਗੋਇਲ, ਨਰਿੰਦਰ ਕੌਰ ਭਰਾਜ, ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਗੁਰਦੇਵ ਸਿੰਘ ਦੇਵ ਮਾਨ, ਚੇਤਨ ਸਿੰਘ ਜੌੜਾਮਾਜਰਾ, ਨੀਨਾ ਮਿੱਤਲ, ਹਰਮੀਤ ਸਿੰਘ ਪਠਾਨਮਾਜਰਾ, ਗੁਰਲਾਲ ਸਿੰਘ ਘਨੌਰ, ਕੁਲਵੰਤ ਸਿੰਘ ਬਾਜ਼ੀਗਰ, ਕੁਲਵੰਤ ਸਿੰਘ ਪੰਡੋਰੀ, ਜਸਵੰਤ ਸਿੰਘ ਗੱਜਣਮਾਜ਼ਰਾ, ਜਮੀਲ ਉਰ ਰਹਿਮਾਨ, ‘ਆਪ’ ਬਰਨਾਲਾ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਬਾਠ ਆਦਿ ਹਾਜ਼ਰ ਸਨ।
              ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ।ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ `ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
                   ਉਨ੍ਹਾਂ ਕਿਹਾ ਉਹ ਪਹਿਲਾਂ ਹੀ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਦੇ ਚੁੱਕੇ ਹਨ।ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕ ਆਪਣੇ ਸੁਝਾਅ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਮਈ 2022 ਤੱਕ ਪੋਰਟਲ  finance.punjab.gov.in `ਤੇ ਜਾਂ ਈਮੇਲ ਆਈਡੀ  punjabdabudget@gmail.com `ਤੇ ਸੁਨੇਹਾ ਭੇਜ ਕੇ ਬਜਟ ਦੀ ਤਿਆਰੀ ਵਿਚ ਹਿੱਸਾ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਹੁਣ ਤੱਕ 1 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋ ਚੁੱਕੇ ਹਨ।
             ਮੀਟਿੰਗ ਦੌਰਾਨ ਜਿਨ੍ਹਾਂ ਸਨਅਤਕਾਰਾਂ ਨੇ ਬਜਟ ਸਬੰਧੀ ਆਪਣੇ ਸੁਝਾਅ ਸਾਂਝੇ ਕੀਤੇ, ਉਨ੍ਹਾਂ ਵਿੱਚ ਰਾਈਸੇਲਾ ਦੇ ਚੇਅਰਮੈਨ ਏ.ਆਰ ਸ਼ਰਮਾ, ਘਨਸ਼ਿਆਮ ਕਾਂਸਲ, ਅਮਰਜੀਤ ਸਿੰਘ ਟੀਟੂ, ਜਤਿੰਦਰ ਸਿੰਘ ਸੰਧੂ, ਨਛੱਤਰ ਸਿੰਘ, ਵਿਜੇ ਗਰਗ ਸ਼ਾਮਲ ਸਨ।
                 ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਡੀ.ਸੀ ਪਟਿਆਲਾ ਸਾਕਸ਼ੀ ਸਾਹਨੀ, ਡਿਪਟੀ ਸਕੱਤਰ ਵਿੱਤ ਉਦੈਦੀਪ ਸਿੰਘ ਸਿੱਧੂ, ਏ.ਡੀ.ਸੀ ਜਨਰਲ ਸੰਗਰੂਰ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ (ਡੀ) ਵਰਜੀਤ ਵਾਲੀਆ, ਏ.ਡੀ.ਸੀ ਬਰਨਾਲਾ ਅਮਿਤ ਬੈਂਬੀ, ਸਹਾਇਕ ਕਮਿਸ਼ਨਰ ਦੇਵ ਦਰਸ਼ਦੀਪ ਸਿੰਘ ਤੋਂ ਇਲਾਵਾ ਕਈ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …