ਵਿੱਤ ਮੰਤਰੀ ਵਲੋਂ ਜਨਤਾ ਬਜ਼ਟ ਲਈ ਕਾਰੋਬਾਰੀਆਂ ਨਾਲ ਅਹਿਮ ਵਿਚਾਰਾਂ
ਅੰਮ੍ਰਿਤਸਰ, 10 ਮਈ (ਸੁਖਬੀਰ ਸਿੰਘ) – ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੰਮ੍ਰਿਤਸਰ ਵਿਖੇ ਇਲਾਕੇ ਦੇ ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਕਾਰੋਬਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕੀਤੇ ਬਿਨ੍ਹਾਂ ਸੂਬੇ ਦੀ ਤਰੱਕੀ ਸੰਭਵ ਨਹੀਂ ਹੋ ਸਕਦੀ।ਉਨਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ’ ਸਰਕਾਰ ਉਦਯੋਗਾਂ ਨੂੰ ਹੁਲਾਰਾ ਦੇ ਕੇ ਸੂਬੇ ਦੀ ਡਾਵਾਂਡੋਲ ਆਰਥਿਕ ਹਾਲਤ ਨੂੰ ਮੁੜ ਮਜ਼ਬੂਤ ਕਰਕੇ ਲੀਹ ’ਤੇ ਪਾਵੇਗੀ।
ਜਨਤਾ ਬਜ਼ਟ ਸਬੰਧੀ ਅਹਿਮ ਵਿਚਾਰਾਂ ਕਰਨ ਪੁੱਜੇ ਵਿੱਤ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਦਾ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਆਏ ਉਦਯੋਗਪਤੀਆਂ ਅਤੇ ਵਪਾਰੀਆਂ ਨੇ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਜ਼ਟ ਬਣਾਉਣ ਲਈ ਹਰ ਇਕ ਤਬਕੇ ਦੇ ਸੁਝਾਅ ਮੰਗਣਾ ਇਤਿਹਾਸਿਕ ਫ਼ੈਸਲੇ ਦੇ ਨਾਲ-ਨਾਲ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।ਜਿਸ ਰਾਹੀਂ ਸੂਬੇ ਦੇ ਲੋਕ ਜਨਤਾ ਬਜ਼ਟ ਵਿੱਚ ਭਾਈਵਾਲ ਬਣਨਗੇ।ਵਿੱਤ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਉਦਯੋਗਾਂ ਨਾਲ ਜੁੜੇ ਨੁਮਾਇੰਦਿਆਂ ਵਲੋਂ ਦਿੱਤੇ ਸੁਝਾਵਾਂ ਨੂੰ ਗਹੁ ਨਾਲ ਸੁਣਦਿਆਂ ਕਿਹਾ ਕਿ ਜਨਤਾ ਬਜ਼ਟ ਲਈ ਹਰ ਇਕ ਵਿਅਕਤੀ ਦੇ ਸੁਝਾਅ ਨੂੰ ਪੂਰੀ ਸੁਹਿਰਦਤਾ ਤੇ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।ਜਿਸ ਉਪਰੰਤ ਉਸ ’ਤੇ ਢੁੱਕਵਾਂ ਫ਼ੈਸਲਾ ਲੈ ਕੇ ਲੋਕਾਂ ਦੀ ਰਾਇ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਸੂਬੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਉਦਯੋਗਾਂ ਨੂੰ ਰੀੜ ਦੀ ਹੱਡੀ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮਸਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਪੂਰੀ ਸ਼ਿੱਦਤ ਨਾਲ ਵਿਚਾਰ ਕੇ ਆਉਂਦੇ ਸਮੇਂ ਵਿੱਚ ਬਣਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਉਦਯੋਗਾਂ ਅਤੇ ਬੁਨਿਆਦੀ ਢਾਂਚੇ ਫੋਕਲ ਪੁਆਇੰਟਾਂ ਆਦਿ ਦੀ ਵੀ ਸਾਰ ਨਹੀਂ ਲਈ।ਉਨ੍ਹਾਂ ਨੇ ਭਰੋਸਾ ਦੁਆਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਨਤਾ ਬਜਟ ਵਿੱਚ ਲੋਕ ਮਸਲਿਆਂ ਨੂੰ ਪੂਰੀ ਤਰਜ਼ੀਹ ਦਿੱਤੀ ਜਾਵੇਗੀ ਅਤੇ ਉਦਯੋਗਾਂ ਨੂੰ ਵਧਾਵਾ ਦੇ ਕੇ ਸੂਬੇ ਵਿੱਚ ਆਰਥਿਕਤਾ ਦੀ ਮਜ਼ਬੂਤੀ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣਗੇ।
ਪਿਆਰੇ ਲਾਲ ਸੇਠ, ਕ੍ਰਿਸ਼ਨ ਕੁਮਾਰ ਕੁੱਕੂ, ਅਰਵਿੰਦਰਪਾਲ ਸਿੰਘ, ਸੰਦੀਪ ਖੋਸਲਾ, ਕਮਲ ਡਾਲਮੀਆ, ਰੰਜਨ ਅਗਰਵਾਲ, ਮੁਕੇਸ਼ ਨੰਦਾ, ਸੁਰਿੰਦਰ ਸਿੰਘ, ਜਤਿੰਦਰਪਾਲ ਸਿੰਘ, ਸੁਰਿੰਦਰ ਦੁੱਗਲ ਆਦਿ ਉਦਯੋਗ।ਤੀਆਂ ਤੇ ਕਾਰੋਬਾਰੀਆਂ ਨੇ ਵੀ ਇਸ ਸਮੇਂ ਵਿੱਤ ਮੰਤਰੀ ਦੇ ਸਨਮੁੱਖ ਆਪੋ-ਆਪਣੇ ਵਿਚਾਰ ਰੱਖੇ।
ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਨਿੱਜ਼ਰ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕ ਦਲਬੀਰ ਸਿੰਘ, ਵਿਧਾਇਕ ਡਾ. ਅਜੇ ਗੁਪਤਾ, ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ, ਡਿਪਟੀ ਕਮਿਸਨਰ ਹਰਪ੍ਰੀਤ ਸਿੰਘ ਸੂਦਨ, ਹਰਪ੍ਰੀਤ ਬੇਦੀ, ਜਗਜੀਤ ਸਿੰਘ ਜੈੰਕੀ ਜੁਆਇਟ ਸੈਕਟਰੀ, ਸਤਪਾਲ ਸਿੰਘ ਸੋਖੀ, ਪ੍ਰਬੀਰ ਬਰਾੜ, ਗੁਰਭੇਜ ਸਿੰਘ, ਕਪਿਲ ਚੱਢਾ, ਸ਼ੀਤਲ ਤਨੇਜਾ, ਮੁਨੀਸ਼ ਅਗਰਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।