Thursday, June 12, 2025
Breaking News

ਲੇਖਕ ਮੰਚ ਸਮਰਾਲਾ ਨੇ ਮਨਾਇਆ ਮੰਟੋ ਦਾ ਜਨਮ ਦਿਨ

ਸਮਰਾਲਾ, 11 ਮਈ (ਇੰਦਰਜੀਤ ਸਿੰਘ ਕੰਗ) – ‘‘ਸਆਦਤ ਹਸਨ ਮੰਟੋ, ਮਨੁੱਖੀ ਸੰਵੇਦਨਾ ਦੀ ਸ਼ੂਖਮ ਅਭਿਵਿਅਕਤੀ ਦਾ ਬਹੁ ਵਿਧਾਵੀ ਸਾਹਿਤ ਸਿਰਜਕ ਹੈ।ਮੰਟੋ ਨੇ ਜਿਥੇ ਸਮਾਜਿਕ ਕੋਹੜ ਦੀਆਂ ਵੱਖ-ਵੱਖ ਪਰਤਾਂ ਨੂੰ ਬੇਕਿਰਕੀ ਨਾਲ ਉਧੇੜਦੀਆਂ ਕਹਾਣੀਆਂ ਰਚੀਆਂ, ਉਥੇ ‘ਸਿਆਹ ਹਾਸ਼ੀਏ’ ਦੇ ਉਨਵਾਨ ਹੇਠ ਭਾਰਤ ਪਾਕ ਵੰਡ ਦੀ ਅਣਮਨੁੱਖੀ ਤਸਵੀਰ ਦਾ ਚਿਤਰਣ ਵੀ ਕੀਤਾ।’’
                ਇਹ ਸ਼ਬਦ ਲੇਖਕ ਮੰਚ (ਰਜਿ:) ਸਮਰਾਲਾ ਦੇ ਮੰਟੋ ਸਬੰਧੀ ਪ੍ਰੋਗਰਾਮ ‘ਚ ਬੋਲਦਿਆਂ ਅੰਮ੍ਰਿਤਸਰ ਤੋਂ ਉਚੇਚੇ ਤੌਰ ਤੇ ਪੁੱਜੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸੀਨੀ: ਮੀਤ ਪ੍ਰਧਾਨ, ਪ੍ਰਸਿੱਧ ਸਾਹਿਤਕਾਰ ਤੇ ਕਾਲਮਨਵੀਸ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਆਖੇ।ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਸਮਰਾਲਾ ਨੇ ਆਏ ਸਾਹਿਤਕਾਰ ਦੋਸਤਾਂ ਨੂੰ ‘ਜੀ ਆਇਆ’ ਆਖਦਿਆਂ ਮੰਟੋ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਸਮਰਾਲਾ ਨਾਲ ਜੁੜੇ ਹੋਰ ਸਾਹਿਤਕਾਰਾਂ ਲਾਲ ਸਿੰਘ ਦਿਲ, ਹਮਦਰਦਵੀਰ ਨੌਸ਼ਹਿਰਵੀ ਤੇ ਗੁਲਜ਼ਾਰ ਮੁਹੰਮਦ ਗੋਰੀਆ ਆਦਿ ਨੂੰ ਅਦਬ ਨਾਲ ਯਾਦ ਕੀਤਾ।
                    ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਮੰਟੋ ਦੀਆਂ ਰਚਨਾਵਾਂ ਤੇ ਜੀਵਨ ਬਾਰੇ ਵਡਮੁੱਲੀ ਜਾਣਕਾਰੀ ਹਾਜ਼ਰ ਸਾਹਿਤਕਾਰਾਂ ਨਾਲ ਸਾਂਝੀ ਕੀਤੀ।ਇਸੇ ਸੈਸ਼ਨ ਦੌਰਾਨ ਦੀਪ ਦਿਲਬਰ ਵਲੋਂ ਸੰਪਾਦਿਤ ਪੁਸਤਕ ‘ਉਰਦੂ ਕਹਾਣੀ ਦੇ ਤਿੰਨ ਥੰਮ’ ਭੇਂਟ ਕੀਤੀ ਗਈ ਅਤੇ ਮੰਟੋ ਦੇ ਨਾਟਕਾਂ ਦੀ ਵੱਡ ਅਕਾਰੀ ਪੁਸਤਕ ‘ਮੰਟੋ ਦੇ ਸਮੁੱਚੇ ਡਰਾਮੇ’ ਵੀ ਲੋਕ ਅਰਪਣ ਕੀਤੀ ਗਈ।ਦੀਪ ਦਿਲਬਰ ਨੇ ਆਪਣੀ ਪੁਸਤਕ ਦੀ ਪ੍ਰਕਾਸ਼ਨ ਪ੍ਰਕਿਰਿਆ ਤੇ ਇਸ ਦੇ ਸੰਪਾਦਨ ਬਾਰੇ ਆਪਣੇ ਵਿਚਾਰ ਰੱਖੇ।ਆਜ਼ਾਦ ਵਿਸ਼ਮਾਦ, ਸੁਖਵਿੰਦਰ ਪੱਬਮਾਂ ਤੇ ਕੁੱਝ ਹੋਰ ਲੇਖਕਾਂ ਨੇ ਵੀ ਮੰਟੋ ਦੀ ਅਮਿੱਟ ਦੇਣ ਨੂੰ ਸਿੱਜ਼ਦਾ ਕੀਤਾ।ਇਸ ਉਪਰੰਤ ਮੰਟੋ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਇਆ ਕੇਕ ਕੱਟਿਆ ਗਿਆ ਅਤੇ ਮੰਟੋ ਦੀ ਤਸਵੀਰ ’ਤੇ ਸਾਰੇ ਲੇਖਕਾਂ ਨੇ ਫੁੱਲ ਅਰਪਣ ਕੀਤੇ ਤੇ ਲੱਡੂ ਵੀ ਵੰਡੇ ਗਏ।ਇਸ ਸੈਸ਼ਨ ਦੇ ਅੰਤ ’ਚ ਲੇਖਕ ਮੰਚ ਦੀ ਟੀਮ ਅਤੇ ਹਾਜ਼ਰ ਸਾਹਿਤਕਾਰਾਂ ਵਲੋਂ ਮੰਟੋ ਯਾਦਗਾਰੀ ਟਰਾਫੀ, ਲੋਈ ਤੇ ਕਿਤਾਬਾਂ ਦਾ ਸੈਟ ਭੇਟ ਕਰਕੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਸਨਮਾਨ ਕੀਤਾ ਗਿਆ।
                 ਦੂਜੇ ਸੈਸ਼ਨ ਵਿੱਚ ਮਾਂ ਦਿਵਸ ‘ਤੇ ਦੁਨੀਆਂ ਭਰ ਦੀਆਂ ਸਾਰੀਆਂ ਮਾਵਾਂ ਅੱਗੇ ਸੀਸ ਨਿਵਾਇਆ ਗਿਆ। ਪ੍ਰਸਿੱਧ ਗਾਇਕ ਕੇਵਲ ਕੁੱਲੇਵਾਲੀਆ ਨੇ ਬਹੁਚਰਚਿਤ ਗੀਤ ‘ਮਾਂ ਹੁੰਦੀ ਏ ਮਾਂ, ਉਏ ਦੁਨੀਆਂ ਵਾਲਿਓ’ ਨੂੰ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ।ਮਾਵਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਰਾਹੋਂ ਤੋਂ ਉਚੇਚੇ ਤੌਰ ’ਤੇ ਪਹੁੰਚੇ ਧਰਮਪਾਲ ਬੰਗੜ ਨੇ ਮਾਂ ਤੇ ਮਮਤਾ ਦੇ ਰਿਸ਼ਤੇ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ।ਦੀਪ ਦਿਲਬਰ ਨੇ ‘ਸਭ ਤੋਂ ਪਹਿਲਾਂ ਮਾਂ ਕਹਿਣਾ ਸਿੱਖਿਆ’ ਗੀਤ ਦੀ ਕਾਵਿਕ ਪੇਸ਼ਕਾਰੀ ਕੀਤੀ ਤੇ ਅਮਨ ਅਜ਼ਾਦ ਨੇ ਵੀ ‘ਮਾਂ’ ਨਾਮੀ ਰਚਨਾ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੀ।
                ਬਲਵੰਤ ਮਾਂਗਟ ਹੁਰਾਂ ਦੀ ਈ.ਬੁੱਕ ‘ਰਾਵਨ ਤੋਂ ਬੰਦੇ ਤੱਕ’ ਰਲੀਜ਼ ਕਰਦਿਆਂ, ਉਸ ਦਾ ਪੋਸਟਰ ਸਾਂਝਾ ਕੀਤਾ ਗਿਆ।ਪੁਸਤਕ ਦੀ ਵਿਆਖਿਆ ਤੇ ਸਮੀਖਿਆ ਕਰਦਿਆਂ ਸੁਪ੍ਰਸਿੱਧ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਮਿਥਿਹਾਸਕ/ਇਤਿਹਾਸਕ ਕਿਰਦਾਰਾਂ ’ਤੇ ਅਧਾਰਿਤ ਵੱਖਰੀ ਤਰ੍ਹਾਂ ਦੀ ਸ਼ਬਦ ਚਿੱਤਰ ਪੁਸਤਕ ਬਾਰੇ ਖੁੱਲ ਕੇ ਗੱਲ ਕੀਤੀ। ਇਸ ਉਪਰੰਤ ਪੁਸਤਕ ਦੇ ਲੇਖਕ ਬਲਵੰਤ ਮਾਂਗਟ ਹੁਰਾਂ ਇਸ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਜਸਵੀਰ ਝੱਜ, ਅਮਨ ਆਜ਼ਾਦ ਤੇ ਹੋਰ ਲੇਖਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
              ਸਮਾਗਮ ਦੇ ਅੰਤ ’ਤੇ ਕਵੀ ਦਰਬਾਰ ਵਾਲੇ ਸ਼ੈਸ਼ਨ ਵਿੱਚ ਚਰਚਿਤ ਗੀਤਕਾਰ ਹਰਬੰਸ ਮਾਲਵਾ ਨੇ ਆਪਣੇ ਸਾਹਿਤਕ ਗੀਤ ‘‘ਮੇਰਾ ਨਾਂ…..’’ ਨਾਲ ਆਗਾਜ਼ ਕੀਤਾ।ਪੰਜਾਬੀ ਸਾਹਿਤ ਸਭਾ ਰਾਮਪੁਰ ਦੇ ਪ੍ਰਧਾਨ ਗੀਤਕਾਰ ਜਸਵੀਰ ਝੱਜ ਨੇ ਅਸਲੋਂ ਵਿਲੱਖਣ ਵਿਸ਼ੇ ’ਤੇ ‘ਕਬੀਰਾ ਮੁੜ ਫੇਰਾ ਪਾ’ ਰਾਹੀਂ ਭਗਤੀ ਲਹਿਰ ਦੇ ਹੀਰੇ ਸਾਹਿਤਕਾਰਾਂ ਨੂੰ ਯਾਦ ਕੀਤਾ।ਵਿਅੰਗ ਵਿਧਾ ਦੇ ਸ਼ਾਇਰ ਅਵਤਾਰ ਉਟਾਲ ਨੇ ਆਪਣੀ ਵਿਅੰਗ ਰਚਨਾ ‘‘ਮਰ ਗਈ ਵੇ ਫੁੱਫੜਾ’’ ਪੇਸ਼ ਕੀਤੀ। ਕੇਵਲ ਕੁੱਲੇਵਾਲੀਆਂ ਵੱਲੋਂ ਪੇਸ਼ ਗੀਤ ‘ਸਾਹਿਤਕਾਰ’ ਰਾਹੀ ਸਾਹਿਤ ਸਿਰਜਕਾਂ ਦੀ ਅਮਿੱਟ ਦੇਣ ਨੂੰ ਸਰੋਤਿਆਂ/ਦਰਸ਼ਕਾਂ ਸਾਹਵੇਂ ਰੱਖਿਆ।ਜੱਸੀ ਢਿੱਲਵਾਂ ਨੇ ਤਰਨੰਮ ਵਿੱਚ ਆਪਣੀ ਰਚਨਾ ‘ਤੇਰੇ ਦਰ ਤੋਂ ਹੋ ਕੇ ਮੈਂ ਬੇਗਾਨਾ ਮੁੜਿਆ’ ਪੇਸ਼ ਕੀਤੀ।ਦੀਪ ਦਿਲਬਰ ਦੀ ਚਰਚਿਤ ਰਚਨਾ ‘ਉਹਨਾਂ ਦੇ ਹਿੱਸੇ ਆਏ, ਮਿਹਨਤ ਦੇ ਕੰਡੇ ਨੇ’ ਰਾਹੀਂ ਕਿਰਤੀ ਜਮਾਤ ਦਾ ਪੱਖ ਪੂਰਿਆ।ਲੇਖਕ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਹੁਰਾਂ ਆਪਣੀ ਗ਼ਜ਼ਲ ‘‘ਉਡਿਆ ਬਨੇ੍ਹਰੇ ਤੋਂ ਜੋ, ਮੇਰਾ ਪੈਗ਼ਾਮ ਲੈ ਕੇ, ਮੁੱਦਤ ਤੋਂ ਪਰਤਿਆ ਨਾ, ਸੂਹਾ ਸਲਾਮ ਲੈ ਕੇ’’ ਰਾਹੀਂ ਆਪਣਾ ਰੰਗ ਬੰਨ੍ਹਿਆ।ਇਸ ਕਵੀ ਦਰਬਾਰ ਦਾ ਹਾਸਲ ਹਰਜਿੰਦਰ ਸਿੰਘ ਗੁਪਾਲੋਂ ਦੀ ਗੀਤ ਰਚਨਾ ‘ਮੈਂ ਨਹੀਂ ਤੇਰੇ ਨਾਲ ਜਾਣਾ, ਘੁੰਮਣ ਵੇ ਬਾਗ਼ ’ਚ, ਦਿਲ ’ਚ ਪਿਆਰ, ਗੁੱਸਾ ਰੱਖਦੈਂ ਦਿਮਾਗ ’ਚ ਜਿਵੇਂ ਤਰਨੰਮ ਵਿੱਚ ਪੇਸ਼ ਕੀਤੀ।ਲੇਖਕ ਮੰਚ ਦੇ ਜਥੇਬੰਦਕ ਸਕੱਤਰ ਰਾਜਵਿੰਦਰ ਸਮਰਾਲਾ ਨੇ ਸਾਰੇ ਹਾਜ਼ਰੀਨ ਲੇਖਕਾਂ ਦਾ ਧੰਨਵਾਦ ਕੀਤਾ।
                 ਇਸ ਸਮਾਗਮ ਵਿਚੋਂ ਉਕਤ ਲਿਖਤ ਲੇਖਕਾਂ ਤੋਂ ਇਲਾਵਾ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਆਤਮਾ ਸਿੰਘ ਕੋਟਾਲਾ, ਹਰਜਿੰਦਰਪਾਲ ਸਿੰਘ, ਲਖਵੀਰ ਸਿੰਘ ਬਲਾਲਾ, ਮਾ. ਦਲੀਪ ਸਿੰਘ, ਕਰਮਜੀਤ ਬਾਸੀ, ਸੰਤੋਖ ਸਿੰਘ ਕੋਟਾਲਾ, ਗ਼ਜ਼ਲਗੋ ਸੁਰਜੀਤ ਮੰਡ ਚਮਕੌਰ ਸਾਹਿਬ, ਹਰਜਿੰਦਰਪਾਲ ਸਿੰਘ, ਗੁਰਜੀਤ ਸਿੰਘ ਪਾਲ ਮਾਜਰਾ, ਅਬਦੁਲ ਖਾਨ, ਦਲਜੀਤ ਸਿੰਘ, ਜਸਵੀਰ ਸਿੰਘ, ਚਾਹਤਮਾਨ ਸਿੰਘ, ਰਵਿੰਦਰ ਸਿੰਘ, ਉਘੇ ਚਿੰਤਕ ਗੁਰਭਗਤ ਸਿੰਘ ਗਿੱਲ, ਸ਼ਿਵੇਦਰ ਸਿੰਘ ਸਮਰਾਲਾ ਤੇ ਹੋਰ ਲੋਕ ਉਚੇਚੇ ਤੌਰ ’ਤੇ ਹਾਜ਼ਰ ਸਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …