Thursday, March 26, 2026

ਐਸ.ਜੀ.ਆਰ.ਡੀ ਦਾ ਨਾਅਰਾ ਥੈਲੇਸੀਮੀਆ ਮੁਕਤ ਭਾਰਤ ਸਾਰਾ – ਡਾ. ਦਲਜੀਤ ਸਿੰਘ

ਪ੍ਰਣ ਕਰਦਾ ਹਾਂ ਕਿ ਆਪਣੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਕਰਵਾਵਾਂਗਾ ਉਨ੍ਹਾਂ ਦਾ ਟੈਸਟ – ਗੁਰਪ੍ਰੀਤ ਘੁੱਗੀ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ) – ਥੈਲੇਸੀਮੀਆ ਦਿਵਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅਤੇ ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋਂ ਯੂਨੀਵਰਸਿਟੀ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦੇਸ਼ ਇਸ ਬਿਮਾਰੀ ਪ੍ਰਤੀ ਸਮਾਜ ਦੇ ਹਰੇਕ ਵਰਗ ਨੂੰ ਸੁਚੇਤ ਕਰਨਾ, ਰੋਕਥਾਮ ਕਰਨੀ ਅਤੇ ਢੁੱਕਵੇਂ ਇਲਾਜ਼ ਲਈ ਸਬੰਧਤ ਡਾਕਟਰਾਂ ਦੀ ਟੀਮ ਦੇ ਨਾਲ ਸੰਪਰਕ ਕਰਨਾ ਸੀ।
                  ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵਿਖੇ ਥੈਲੇਸੀਮੀਆ ਬਿਮਾਰੀ ਦੀ ਰੋਕਥਾਮ, ਇਲਾਜ਼ ਅਤੇ ਇਸ ਪ੍ਰਤੀ ਜਾਣਕਾਰੀ ਨੂੰ ਵਿਸ਼ਾਲ ਪੱਧਰ ਤੇ ਲੋਕਾਂ ਤੱਕ ਪਹੰੁਚਾਉਣ ਲਈ ਕਰਵਾਏ ਸੈਮੀਨਾਰ ਵਿੱਚ ਥੈਲੇਸੀਮੀਆ ਵਾਰਡ ਦੇ ਇੰਚਾਰਜ਼ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਇਸ ਬਿਮਾਰੀ ਬਾਰੇ ਵਿਸਥਾਰਪੂੁਰਵਕ ਚਰਚਾ ਕੀਤੀ।ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ 6 ਬੈੱਡਾਂ ਦੀ ਇੱਕ ਅਤਿ-ਆਧੁਨਿਕ ਵਾਰਡ ਬਣਾਈ ਗਈ ਹੈ, ਜਿਥੇ ਬਹੁਤ ਹੀ ਯੋਗ ਡਾਕਟਰਾਂ ਦੀ ਟੀਮ ਸੰਸਥਾ ਦੇ ਉਦੇਸ਼ ਦੀ ਪੂਰਤੀ ਲਈ ਦਿਨ-ਰਾਤ ਕੰਮ ਕਰ ਰਹੀ ਹੈ।ਹਰ ਮਹੀਨੇ ਤਕਰੀਬਨ 65 ਤੋਂ 70 ਥੈਲੇਸੀਮਕ ਮਰੀਜ਼ ਹਸਪਤਾਲ ਵਿਖੇ ਆਪਣਾ ਇਲਾਜ ਕਰਵਾਉਣ ਆਉਂਦੇ ਹਨ, ਜਿੰਨਾਂ ਵਿੱਚ 1 ਤੋਂ 18 ਸਾਲ ਦੇ ਬੱਚੇ ਵੀ ਸ਼ਾਮਲ ਹਨ।
                  ਸੈਮੀਨਾਰਦੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਪਾਈ ਜਾਂਦੀ ਥੈਲੇਸੀਮੀਆ ਬਿਮਾਰੀ ਤੋਂ ਕਈ ਲੋਕ ਅਣਜਾਨ ਹਨ।ਇਸ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਦੇਸ਼ ਪੱਧਰ ‘ਤੇ ਸਾਂਝੇ ਉਦਮ ਕਰਨ ਦੀ ਲੋੜ ਹੈ।ਉਨ੍ਹਾਂ ਨੇ ਖੁੱਦ ਅਤੇ ਸਮਾਗਮ ਵਿੱਚ ਮੌਜ਼ੂਦ ਵਿਅਕਤੀਆਂ ਨੂੰ ਇਸ ਪ੍ਰਣ ਕਰਨ ਲਈ ਕਿਹਾ ਕਿ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਦਾ ਟੈਸਟ ਜਰੂਰ ਕਰਵਾਇਆ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਸੰਤਾਨ ਨੂੰ ਇਸ ਦਾ ਸੰਤਾਪ ਨਾ ਭੋਗਣਾ ਪਵੇ।ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਪ੍ਰਬੰਧਨ ਦਾ ਥੈਲੇਸੀਮੀਆ ਦੇ ਮਰੀਜ਼ਾਂ ਲਈ ਨਿਰੰਤਰ ਸਹਾਇਤਾ ਲਈ ਧੰਨਵਾਦ ਕੀਤਾ, ਜੋ ਅਸਲ ਵਿੱਚ ਨਿਰਪੱਖ ਸਹਾਇਤਾ ਦੇ ਅਰਥਾਂ ਨੂੰ ਦਰਸਾਉਂਦਾ ਹੈ।
                ਡਾ. ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਦਾ ਮੁੱਖ ਉਦੇਸ਼ ਸਮਾਜ ਵਿੱਚੋਂ ਬਿਮਾਰੀਆਂ ਖਤਮ ਕਰਨ ਦੇ ਟੀਚੇ ਵਾਲੇ ਕਈ ਪ੍ਰੋਜੈਕਟਾਂ ਵਿੱਚੋਂ ਇੱਕ ਨੂੰ ਅਗਾਂਹ ਵਧਾਉਣਾ ਹੈ।ਉਨ੍ਹਾਂ ਕਿਹਾ ਕਿ ਉਹ ਨਿਊਨਤਮ ਤਕਨੀਕਾਂ, ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਮਾਹਿਰ ਡਾਕਟਰ ਦੀ ਨਿਰਸਵਾਰਥ ਯਤਨਾਂ ਲਈ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਥੈਲੇਸੀਮੀਆ ਦੇ ਮਰੀਜ਼ਾਂ ਦੇ ਜੀਵਨ ਪੱਧਰ ਵਿੱਚ ਬਹੁਤ ਸੁਧਾਰ ਹੋਇਆ ਹੈ।
ਡਾ. ਏ.ਪੀ ਸਿੰਘ ਨੇ ਕਿਹਾ ਕਿ ਸਾਨੂੰ ਭਾਰਤ ਵਿੱਚ ਥੈਲੇਸੀਮੀਆ ਦੀ ਬਿਮਾਰੀ ਨਾਲ ਪੀੜ੍ਹਤ ਲੋਕਾਂ ਦੇ ਇਲਾਜ ਦੀਆਂ ਲੋੜਾਂ ਦੀ ਪੂਰਤੀ ਕਰਨ `ਤੇ ਮਾਣ ਹੈ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਹਰੇਕ ਵਿਅਕਤੀ ਵਿਆਹ ਤੋਂ ਪਹਿਲਾਂ ‘ਕੁ਼ੰਢਲੀ ਮਿਲਾਓ ਜਾਂ ਨਾ ਮਿਲਾਓ, ਥੈਲੇਸੀਮੀਆ ਜੈਨੇਟਿਕ ਟੈਸਟ ਜਰੂਰ ਕਰਵਾਉ’।
                    ਥੈਲੇਸੀਮੀਆ ਸੁਸਾਇਟੀ ਦੇ ਸਕੱਤਰ ਡਾ. ਗੁਰਸ਼ਰਨ ਸਿੰਘ ਨਾਰੰਗ ਨੇ ਕਿਹਾ ਕਿ ਥੈਲੇਸੀਮੀਆ ਮੇਜਰ ਦੀ ਗੰਭੀਰ ਬਿਮਾਰੀ ਥੈਲੇਸੀਮੀਆ ਕੈਰੀਅਰ ਮਾਤਾ ਪਿਤਾ ਦੇ 25 ਪ੍ਰਤੀਸ਼ਤ ਬੱਚਿਆਂ ਨੂੰ ਹੁੰਦੀ ਹੈ, ਜੋ ਕਿ ਅਸਲ ਵਿੱਚ ਨਹੀਂ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਐਸ.ਜੀ.ਪੀ.ਸੀ ਵੱਲੋਂ ਖ਼ੂਨ ਚੜ੍ਹਾਉਣ ਅਤੇ ਫਿਲਟਰਾਂ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਪੇਂਟਿੰਗ, ਡਰਾਇੰਗ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ, ਡਾਂਸ ਅਤੇ ਗਾਇਨ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ 50 ਦੇ ਕਰੀਬ ਥੈਲ-ਹੀਰੋਜ਼ ਨੇ ਭਾਗ ਲਿਆ ਅਤੇ ਇੰਨ੍ਹਾਂ ਸਾਰਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।
                   ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਡਾ. ਗੁਰਸ਼ਰਨ ਸਿੰਘ ਨਾਰੰਗ ਪ੍ਰੋਫੈਸਰ ਤੇ ਮੁੱਖੀ ਬੱਚਾ ਵਿਭਾਗ, ਅਮਨਦੀਪ ਸਿੰਘ ਡਿਪਟੀ ਰਜਿਸ਼ਟਰਾਰ, ਇੰਜੀ ਅਸ਼ੀਸ਼ ਚੋਪੜਾ (ਨਾਨਕ ਫਰਮ), ਡਾ. ਰਜਨੀਸ਼ ਗੋਇਨਕਾ, ਗੁਰਨੀਤ ਸਿੰਘ (ਆਰਚੀਜ਼ ਗੈਲਰੀ), ਸਰਬਜੋਤ ਸਿੰਘ (ਨੈਸ਼ਨਲ ਸਟੋਰ), ਮਨੀਸ਼ ਅਗਰਵਾਲ, ਜਤਿੰਦਰ ਸ਼ਰਮਾ, ਕਿਟੂ ਆਨੰਦ, ਰੋਹਿਤ ਬੇਦੀ (ਬੇਦੀ ਕਾਲਜ ਆਫ ਜਿਫੀਕਸ), ਲਵਲੀ ਚਾਂਪ ਅੰਮ੍ਰਿਤਸਰ, ਐਮ.ਬੀ.ਬੀ.ਐਸ ਦੇ ਵਿਦਿਆਰਥੀ, ਨਰਸਿੰਗ ਦੇ ਵਿਦਿਆਰਥੀ ਅਤੇ ਹੋਰ ਨਾਮੀ ਸਖਸ਼ੀਅਤਾਂ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …