Thursday, March 26, 2026

ਬੀ.ਕੇ.ਯੂ (ਦੋਆਬਾ) ਬੇਟ ਇਲਾਕੇ ਦੇ ਕਾਸ਼ਤਕਾਰਾਂ ਦੇ ਹੱਕ ‘ਚ ਦੇਵੇਗੀ – ਬਲਵੀਰ ਸਿੰਘ ਖੀਰਨੀਆਂ

ਸਮਰਾਲਾ, 13 ਮਈ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਦੀ ਸਰਕਾਰ ਨਜਾਇਜ਼ ਜਮੀਨਾ ਛੁਡਾਉਣ ਸਬੰਧੀ ਡਰਾਮਾ ਕਰ ਰਹੀ ਹੈ।ਉਹ ਕੇਵਲ ਤੇ ਕੇਵਲ ਆਮ ਅਤੇ ਗਰੀਬ ਲੋਕਾਂ ਭਾਵ ਕਾਸ਼ਤਕਾਰਾਂ ਨੂੰ ਧੱਕੇ ਨਾਲ ਜ਼ਮੀਨ ਤੋਂ ਬਾਹਰ ਕੱਢਣਾ ਚਾਹੁੰਦੀ ਹੈ, ਕਿਉਂਕਿ ਜਿਹੜੇ ਵੱਡੇ ਵੱਡੇ ਨੇਤਾ ਸਰਕਾਰੀ ਜ਼ਮੀਨਾਂ ਤੇ ਸੱਪ ਵਾਂਗੂ ਕੁੰਡਲੀ ਮਾਰੀ ਬੈਠੇ ਹਨ, ਉਨ੍ਹਾਂ ‘ਤੇ ਸਰਕਾਰ ਦਾ ਜ਼ੋਰ ਨਹੀਂ ਚੱਲ ਰਿਹਾ।ਇਸ ਲਈ ਗਰੀਬ ਅਤੇ ਲੋੜਵੰਦ ਕਾਸ਼ਤਕਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ‘ਚ ਹੈ।
                  ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਧੱਕਾ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਬੇਟ ਇਲਾਕੇ ਵਿੱਚ ਕਾਸ਼ਤਕਾਰਾਂ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਪੂਰੀ ਤਰ੍ਹਾਂ ਡਟ ਕੇ ਖੜ੍ਹੇਗੀ।ਅਜਾਦੀ ਤੋਂ ਬਾਅਦ ਸਰਕਾਰ ਨੇ 10 ਸਾਲਾਂ ਲਈ ਬੇਅਬਾਦ ਅਤੇ ਬੰਜ਼ਰ ਜਮੀਨਾਂ ਦਿੱਤੀਆਂ ਸਨ, ਜਿਨ੍ਹਾਂ ਨੂੰ ਦਿਨ ਰਾਤ ਦੀ ਮਿਹਨਤ ਪਿਛੋਂ ਅਬਾਦ ਕੀਤਾ, 10 ਸਾਲਾਂ ਦੀ ਮਿਆਦ ਉਪਰੰਤ ਹੋਰ 10 ਸਾਲਾਂ ਲਈ ਇਹ ਜ਼ਮੀਨ ਫਿਰ ਅਲਾਟ ਕਰ ਦਿੱਤੀ ਗਈ ਅਤੇ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਗਿਆ ਕਿ ਉਕਤ ਜ਼ਮੀਨ ਦੇ ਮਾਲਕੀ ਹੱਕ ਵੀ ਦੇ ਦਿੱਤੇ ਜਾਣਗੇ।ਅਗਲੇ 10 ਸਾਲਾਂ ਦੌਰਾਨ ਮਾਲ ਮਹਿਕਮੇ ਦੇ ਉਚ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਉਕਤ ਜਮੀਨ ਉਨ੍ਹਾਂ ਕੋਲੋਂ ਛੁਡਾਉਣ ਲਈ ਸਰਕਾਰੀ ਕਾਗਜਾਂ ਵਿੱਚ ਹੇਰਾਫੇਰੀ ਕਰਕੇ ਜ਼ਮੀਨਾਂ ਪਿੰਡ ਦੀਆਂ ਪੰਚਾਇਤਾਂ ਦੇ ਨਾਮ ਕਰ ਦਿੱਤੀਆਂ।ਉਕਤ ਕਾਸ਼ਤਕਾਰ ਪਿਛਲੇ 60-70 ਸਾਲਾਂ ਤੋਂ ਜ਼ਮੀਨਾਂ ਉਤੇ ਕਾਸ਼ਤ ਕਰ ਰਹੇ ਹਾਂ, ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨਾਲ ਵਾਅਦੇ ਕੀਤੇ ਕਿ ਉਕਤ ਜਮੀਨਾਂ ਦੀ ਮਾਲਕੀ ਉਨ੍ਹਾਂ ਦੇ ਨਾਮ ਕਰ ਦਿੱਤੀ ਜਾਵੇਗੀ, ਪ੍ਰੰਤੂ ਇਹ ਸਾਰਾ ਕੁੱਝ ਸਿਰਫ ਵੋਟਾਂ ਦਾ ਛਲਾਵਾਂ ਹੀ ਰਿਹਾ ਹੈ, ਪ੍ਰੰਤੂ ਅਜੇ ਤੱਕ ਕਾਸ਼ਤਕਾਰਾਂ ਦੇ ਹੱਕ ਨਹੀਂ ਮਿਲੇ।ਇਸ ਵਾਰੀ ਪੰਜਾਬ ਦੇ ਲੋਕਾਂ ਨੇ ਪੂਰੀ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱੱਚ ਲਿਆਂਦੀ ਹੈ, ਪਰ ਇਹ ਸਰਕਾਰ ਵੀ ਪੁਰਾਣੀਆਂ ਰਵਾਇਤੀ ਪਾਰਟੀਆਂ ਵਾਂਗ ਆਮ ਲੋਕਾਂ ਦੇ ਗਲੇ ਨੂੰ ਪੈਣ ਲੱਗ ਪਈ ਹੈ, ਜਦੋਂ ਕਿ ਧਨਾਢਾਂ ਕੋਲੋਂ ਜਮੀਨਾਂ ਛੁਡਾਉਣ ਦੀ ਇਨ੍ਹਾਂ ਕੋਲ ਹਿੰਮਤ ਨਹੀਂ ਹੈ, ਲੇਕਿਨ ਉਨਾਂ ਦੀ ਯੂਨੀਅਨ ਅਜਿਹਾ ਨਹੀਂ ਹੋਣ ਦੇਵੇਗੀ।ਉਹ ਕਾਸ਼ਤਕਾਰਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਡਟ ਕੇ ਖੜਣਗੇ ਅਤੇ ਇਨ੍ਹਾਂ ਨੂੰ ਬਣਦਾ ਇਨਸਾਫ ਜਰੂਰ ਦਿਵਾਣਗੇ।ਇਹ ਸਾਰੇ ਕਾਸ਼ਤਕਾਰ ਇੱਕ ਇੱਕ ਦੋ ਦੋ ਕਿੱਲਿਆਂ ਵਾਲੇ ਹਨ, ਕਈ ਕਾਸ਼ਤਕਾਰ ਅਜਿਹੇ ਵੀ ਹਨ, ਜਿਨ੍ਹਾਂ ਕੋਲ ਰਹਿਣ ਲਈ ਹੋਰ ਕੋਈ ਥਾਂ ਵੀ ਨਹੀਂ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਮਾਛੀਵਾੜਾ ਬੇਟ ਇਲਾਕੇ ਦੇ ਉਕਤ ਕਾਸ਼ਤਕਾਰ ਜੋ ਅਜੇ ਤੱਕ ਇਨ੍ਹਾਂ ਜ਼ਮੀਨਾਂ ਉਤੇ ਮਿਹਨਤ ਕਰਕੇ ਕਾਸ਼ਤ ਕਰ ਰਹੇ ਹ।ਉਹ ਜ਼ਮੀਨ ਜਿਸ ਉਤੇ ਉਹ ਪਿਛਲੇ 50-60 ਸਾਲਾਂ ਤੋਂ ਅਬਾਦ ਕਰਕੇ ਖੇਤੀ ਕਰ ਰਹੇ ਹਨ, ਉਨ੍ਹਾਂ ਦੇ ਨਾਂ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਇਸ ਜ਼ਮੀਨ ਦੇ ਹੱਕ ਮਿਲ ਸਕਣ।ਜੇਕਰ ਸਰਕਾਰ ਨੇ ਇਸ ਵੱਲ ਤੁਰੰਤ ਗੌਰ ਨਾ ਕੀਤਾ ਤਾਂ ਯੂਨੀਅਨ ਇੱਕ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।
                    ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ, ਬਹਾਦਰ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ, ਚਰਨ ਸਿੰਘ, ਜੀਤ ਸਿੰਘ, ਕਲਦੀਪ ਸਿੰਘ, ਪੱਪੀ ਬੰਬ, ਹੁਸ਼ਿਆਰ ਸਿੰਘ ਬੰਬ ਆਦਿ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …