Thursday, September 17, 2026

ਗੁਰੂ ਨਾਨਕ ਦੇਵ ਹਸਪਤਾਲ ‘ਚ 24 ਘੰਟਿਆਂ ਤੋਂ ਪਹਿਲਾਂ ‘ਕੰਪੈਕਟ ਸਬ ਸਟੇਸ਼ਨ’ ਬਣਾਉਣ ਦਾ ਕੰਮ ਸ਼ੁਰੂ

ਮੁੱਖ ਮੰਤਰੀ ਨੇ ਰਾਤ ਹੀ ਨਵੇਂ ਸਬ ਸਟੇਸ਼ਨ ਦੀ ਤਜਵੀਜ਼ ਨੂੰ ਦਿੱਤੀ ਪ੍ਰਵਾਨਗੀ – ਈ.ਟੀ.ਓ

ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਸਥਾਨਕ ਗੁਰੂ ਨਾਨਕ ਹਸਪਤਾਲ ਵਿਖੇ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਤੇਲ ਲੀਕ ਹੋਣ ਕਾਰਨ ਕੱਲ ਦੁਪਿਹਰ ਭਿਆਨਕ ਅੱਗ ਲੱਗ ਗਈ ਸੀ ਅਤੇ ਉਸ ਕਾਰਨ ਹਸਪਤਾਲ ਦਾ ਵੱਡਾ ਹਿੱਸਾ ਬਿਜਲੀ ਸਪਲਾਈ ਤੋਂ ਵਾਂਝਾ ਹੋ ਗਿਆ ਸੀ।ਉਥੇ ਅੱਜ ਵਿਖੇ 24 ਘੰਟਿਆਂ ਦੇ ਅੰਦਰ-ਅੰਦਰ 500 ਕੇ.ਵੀ ਦੇ ਦੋ ਨਵੇਂ ਟਰਾਂਸਫਾਰਮ ਪਹੁੰਚ ਚੁੱਕੇ ਹਨ ਅਤੇ ਇੰਨਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਉਕਤ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਉਨਾਂ ਨੇ ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਟਨਾ ਦਾ ਵੇਰਵਾ ਦਿੰਦੇ ਹਸਪਤਾਲ ਦੀਆਂ ਬਿਜਲਈ ਲੋੜਾਂ ਦੀ ਪੂਰਤੀ ਲਈ ਇੰਜੀਨੀਅਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ 500 ਕੇ.ਵੀ ਦੇ ਦੋ ਡਰਾਈ ਟਰਾਂਸਫਾਰਮਰ ਲਗਾਉਣ ਦੀ ਤਜਵੀਜ਼ ਦਿੱਤੀ ਸੀ।ਜਿਸ ਨੂੰ ਉਨਾਂ ਨੇ ਤਰੁੰਤ ਪ੍ਰਵਾਨ ਕਰ ਲਿਆ ਅਤੇ ਅੱਜ ਸਵੇਰੇ ਇਹ ਟਰਾਂਸਫਾਰਮਰ ਹਸਪਤਾਲ ਪਹੁੰਚ ਗਏ।ਉਨਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਹਸਪਤਾਲ ਹੈ ਅਤੇ ਇੱਥੇ ਹਰ ਵੇਲੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਅਮਲਾ ਤੇ ਦਾਖਲ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਰਹਿੰਦੀ ਹੈ, ਸੋ ਅਸੀਂ ਕਿਸੇ ਵੀ ਤਰਾਂ ਨਾ ਤਾਂ ਆਪਣੇ ਇਸ ਸਰਮਾਏ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ ਤੇ ਨਾ ਹੀ ਬਿਨਾਂ ਬਿਜਲੀ ਦੇ ਬੈਠੇ ਰਹਿਣ ਦੇ ਸਕਦੇ ਹਾਂ।ਉਨਾਂ ਕਿਹਾ ਕਿ ਕੱਲ੍ਹ ਵਿਭਾਗ ਨੇ ਆਰਜ਼ੀ ਪ੍ਰਬੰਧ ਕਰਕੇ ਸਪਲਾਈ ਸ਼ੁਰੂ ਕੀਤੀ ਸੀ।ਉਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਵਿਚ ਫਿਲਹਾਲ ਕਿਸੇ ਦੀ ਕੁਤਾਹੀ ਸਾਹਮਣੇ ਨਹੀਂ ਆਈ, ਪਰ ਇਹ ਪਤਾ ਲੱਗਾ ਹੈ ਕਿ ਉਕਤ ਟਰਾਂਸਫਾਰਮਰ 70 ਦੇ ਦਹਾਕੇ ਦੇ ਬਣੇ ਸਨ ਅਤੇ ਪੁਰਾਣੇ ਹੋਣ ਕਾਰਨ ਇਹ ਲੀਕੇਜ਼ ਹੋਈ, ਜੋ ਕਿ ਅੱਗ ਲੱਗਣ ਦਾ ਕਾਰਨ ਬਣੀ।ਉਨਾਂ ਦੱਸਿਆ ਕਿ ਹੁਣ ਲਗਾਏ ਜਾ ਰਹੇ ਟਰਾਂਸਫਾਰਮ, ਇਕ ਤਾਂ ਬਿਨਾ ਤੇਲ ਦੇ ਹਨ ਅਤੇ ਦੂਸਰਾ ਹਸਪਤਾਲ ਦੀ ਇਮਾਰਤ ਤੋਂ ਦੂਰ ਲਗਾਏ ਜਾਣਗੇ, ਜਿਸ ਨਾਲ ਅੱਗ ਲੱਗਣ ਵਰਗਾ ਖ਼ਤਰਾ ਬਿਲਕੁੱਲ ਨਹੀਂ ਰਹੇਗਾ।
                ਇਸ ਮੌਕੇ ਪ੍ਰਿੰਸੀਪਲ ਰਾਜੀਵ ਦੇਵਗਨ, ਐਸ.ਈ ਵਿਕਾਸ ਗੁਪਤਾ, ਐਸ.ਡੀ.ਓ ਰਾਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …