ਨਵੀਂ ਦਿੱਲੀ, 15 ਮਈ (ਪੰਜਾਬ ਪੋਸਟ ਬਿਊਰੋ) – ਮੁਗਲ ਸ਼ਾਸ਼ਕ ਜ਼ਕਰੀਆ ਖਾਨ ਨੂੰ ਸਿੱਖਾਂ ਦੀ ਹੋਂਦ ਦਾ ਅਹਿਸਾਸ ਕਰਵਾਉਣ ਕਰਕੇ ਸ਼ਹੀਦ ਹੋਏ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਨਾਂ `ਤੇ ਮੋਤੀ ਨਗਰ `ਚ ਚੌਰਾਹੇ ਦਾ ਨਾਮ ਰੱਖਿਆ ਗਿਆ ਹੈ।ਉਤਰੀ ਦਿੱਲੀ ਨਗਰ ਨਿਗਮ ਦੇ ਸਥਾਨਕ ਕੌਂਸਲਰ ਵਿਪਨ ਮਲਹੋਤਰਾ ਨੇ ਇਸ ਸਬੰਧੀ ਮੇਅਰ ਰਾਜਾ ਇਕਬਾਲ ਸਿੰਘ ਤੋਂ ਅਧਿਕਾਰਤ ਪ੍ਰਵਾਨਗੀ ਲੈ ਲਈ ਹੈ।ਚੌਕ ਦਾ ਨਾਂਅ ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੇ ਨਾਂ ’ਤੇ ਰੱਖਣ ਦੀ ਤਜਵੀਜ਼ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਦੇ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਨਗਰ ਕੀਰਤਨ ਦੀ ਸਮਾਪਤੀ ’ਤੇ ਨਵੰਬਰ 2021 ਵਿੱਚ ਨਿਗਮ ਨੂੰ ਭੇਜੀ ਗਈ ਸੀ।ਅੱਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ `ਚ 11 ਅਤੇ 12 ਬਲਾਕ ਦੇ ਵਿਚਾਲੇ ਸਥਿਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਚੌਰਾਹੇ ਦੇ ਨਾਮਕਰਣ ਲਈ ਅਰਦਾਸ ਕੀਤੀ ਗਈ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਗ਼ਲ ਸਲਤਨਤ ਦੇ ਜ਼ਕਰੀਆ ਖ਼ਾਨ ਨੇ ਸਿੱਖਾਂ ਦੀ ਪਛਾਣ ਨੂੰ ਖ਼ਤਮ ਕਰਨ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਸੀ ਕਿ ਹੁਣ ਕੋਈ ਸਿੱਖ ਜ਼ਿੰਦਾ ਨਹੀਂ ਬਚਿਆ ਹੈ।ਜਿਸ ਦਾ ਜਵਾਬ ਦੋ ਸਿੱਖਾਂ ਨੇ ਚੁੰਗੀ ਨਾਕਾ ਲਗਾ ਕੇ ਦਿੱਤਾ ਅਤੇ ਜਕਰੀਆ ਖਾਨ ਨੂੰ ਅਹਿਸਾਸ ਕਰਵਾਇਆ ਸੀ ਕਿ ਸਿੱਖ ਅਜੇ ਵੀ ਜ਼ਿੰਦਾ ਹਨ।ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਸੜਕ `ਤੇ ਸ੍ਰੀ ਤਰਨਤਾਰਨ ਸਾਹਿਬ ਦੇ ਨੇੜੇ ਸਰਾਏ ਅਮਾਨਤ ਖਾਂ (ਨੂਰਦੀਨ ਕੀ ਸਰਾਏ) ਦੇ ਨੇੜੇ ਕਬਜ਼ਾ ਕਰਕੇ ਮਹਿਸੂੂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ।ਇਸ ਬਾਬਤ ਬਾਬਾ ਬੋਤਾ ਸਿੰਘ ਨੇ ਜ਼ਕਰੀਆ ਖਾਨ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੰਦੇ ਹੋਏ ਚੁਣੌਤੀ ਵੀ ਦਿੱਤੀ ਸੀ।ਜਿਸ ਤੋਂ ਬਾਅਦ ਜ਼ਕਰੀਆ ਖਾਨ ਨੇ ਗੁੱਸੇ ਵਿਚ ਆ ਕੇ ਜਲਾਲੂੀਨ ਦੀ ਅਗਵਾਈ ਵਿਚ 100 ਮੁਗਲਾਂ ਦੀ ਫੌਜ ਭੇਜ ਦਿੱਤੀ ਸੀ ਜਿੰਨਾਂ ਨਾਲ ਭਿਆਨਕ ਲੜਾਈ ਤੋਂ ਬਾਅਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦ ਹੋ ਗਏ ਸਨ।ਅਜਿਹੇ ਮਹਾਨ ਦਲੇਰ ਸਿੱਖਾਂ ਦਾ ਨਾਮ ਸਦਾ ਲਈ ਜ਼ਿੰਦਾ ਰੱਖਣ ਲਈ ਚੌਕ ਦਾ ਨਾਂ ਉਨਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …