Saturday, August 8, 2026

ਯੂਨੀਵਰਸਿਟੀ `ਚ ਖੇਡੇ ਗਏ `ਜੂਠ` ਨਾਟਕ ਨੇ ਸਭਿਅਤਾ ਤੇ ਜਾਤਪਾਤੀ ਮਾਨਸਿਕਤਾ ਬਾਰੇ ਸੋਚਣ ਲਈ ਕੀਤਾ ਮਜ਼ਬੂਰ

ਅੰਮ੍ਰਿਤਸਰ, 21 ਮਈ (ਖੁਰਮਣੀਆਂ) – ਜਿਨ੍ਹਾਂ ਚਿਰ ਤੱਕ ਅਸੀਂ ਆਪਣੀ ਮਾਨਸਿਕਤਾ ਦੀਆਂ ਗਹਿਰਾਈਆਂ ਵਿਚਲੇ ਕੂੜੇ-ਕਰਕਟ ਵਰਗੇ ਵਿਚਾਰਾਂ ਦੀ ਪਛਾਣ ਕਰਦੇ ਉਨ੍ਹਾਂ ਨੂੰ ਬਾਹਰ ਕੱਢ ਕੇ ਨਹੀਂ ਸੁੱਟਦੇ ਉਨ੍ਹਾਂ ਚਿਰ ਅਸੀਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਆਪਣੇ ਆਪ ਵਿਚ ਸਭਿਅਕ ਹੋਣ ਦਾ ਭੁਲੇਖਾ ਹੀ ਪਾਲ ਰਹੇ ਹਾਂ।ਅਜਿਹਾ ਹੀ ਸੁਨੇਹਾ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਚ ਖੇਡਿਆ ਗਿਆ ਸੋਲੋ ਨਾਟਕ `ਜੂਠ` ਨੇ ਦਿੱਤਾ।ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀ ਕਲਾਕਾਰ ਬਚਨਪਾਲ ਵੱਲੋਂ ਦਿੱਤੀ ਗਈ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਭਾਵੁਕਤਾ ਦੇ ਨਾਲ ਨਾਲ ਤੰਗ ਸੋਚ ਦੇ ਦਾਇਰਿਆਂ ਵਿਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਇਸ ਨਾਟਕ ਦਾ ਆਯੋਜਨ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਪ੍ਰੋ. ਅਨੀਸ਼ ਦੂਆ ਦੀ ਦੇਖ ਰੇਖ ਹੇਠ ਕਰਵਾਇਆ ਗਿਆ।ਥੀਏਟਰ ਅਤੇ ਪੰਜਾਬੀ ਫਿਲਮ ਜਗਤ ਦੀਆਂ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਫੈਕਲਟੀ ਮੈਂਬਰ, ਵਿਦਿਆਰਥੀ ਅਤੇ ਹੋਰ ਮੰਚ ਪ੍ਰੇਮੀ ਵੀ ਮੌਜੂਦ ਸਨ।
                ਅੰਮ੍ਰਿਤਸਰ ਪੱਛਮੀ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਜਸਬੀਰ ਸਿੰਘ ਸੰਧੂ ਮੁੁੱਖ ਮਹਿਮਾਨ ਸਨ।ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਜਸਬੀਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ।ਇਸ ਮੌਕੇ ਉਨ੍ਹਾਂ ਨਾਲ ਡੀਨ ਵਿਦਿਅਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਵੀ ਸਨ।
                  ਜਸਬੀਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਾਰਗੁਜ਼ਾਰੀ `ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਹੋਏ ਹਾਂ ਜੋ ਕਿ ਖੋਜ ਅਤੇ ਅਕਾਦਮਿਕਤਾ ਦੇ ਨਾਲ ਨਾਲ ਖੇਡਾਂ, ਕਲਾ, ਸਭਿਆਚਾਰ ਅਤੇ ਵਾਤਾਵਰਣ ਦੀ ਠੀਕ ਦਿਸ਼ਾ ਵਿਚ ਹਮੇਸ਼ਾਂ ਕੰਮ ਕਰਦੀ ਹੈ।
              ਪ੍ਰੋ. ਦੂਆ ਨੇ ਕਿਹਾ ਇਸ ਇੱਕ ਪਾਤਰੀ ਨਾਟਕ ਵਿੱਚ ਜਿਸ ਤਰ੍ਹਾਂ ਓਮ ਪ੍ਰਕਾਸ਼ ਵਾਲਮੀਕੀ ਦੇ ਪਾਤਰ ਨੂੰ ਬਚਨਪਾਲ ਨੇ ਸਟੇਜ ਤੇ ਜੀਅ ਕੇ ਵਿਖਾਇਆ ਹੈ, ਉਹ ਨਾਟਕ ਲੱਗ ਹੀ ਨਹੀਂ ਸੀ ਰਿਹਾ।ਸਗੋਂ ਉਹ ਅਸਲ ਦਾ ਭੁਲੇਖਾ ਦੇ ਰਿਹਾ ਸੀ। ਨਾਟਕ ਦੇ ਅੰਤ ਵਿਚ ਡਾ. ਜਸਬੀਰ ਸਿੰਘ ਨੇ ਮੁੱਖ ਕਲਾਕਾਰ ਅਤੇ ਡਾਇਰੈਕਟਰ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …