Friday, March 27, 2026

ਮੁੱਖ ਮੰਤਰੀ ਮਾਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ, ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਕੀਤੀ ਅਰਦਾਸ

ਅੰਮ੍ਰਿਤਸਰ, 5 ਜੂਨ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਅਗੇ ਸੂਬੇ ਦੀ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
                ਪਾਵਨ ਅਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, “ਮੈਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ਰਧਾ ਨਾਲ ਆਪਣਾ ਸਿਰ ਝੁਕਾਇਆ ਅਤੇ ਅਰਦਾਸ ਕੀਤੀ ਹੈ ਕਿ ਮੇਰੀ ਸਰਕਾਰ ਦਾ ਹਰੇਕ ਕਦਮ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਅਤੇ ਇਥੋਂ ਦੇ ਲੋਕਾਂ ਦੀ ਭਲਾਈ ਪ੍ਰਤੀ ਸਮਰਪਿਤ ਹੋਵੇ।”
                         ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲੰਮੇ ਸਮੇਂ ਤੋਂ ਦੁਨਿਆਵੀ ਅਤੇ ਅਧਿਆਤਮਕ ਸ਼ਕਤੀਆਂ ਦਾ ਸਰੋਤ ਰਹੇ ਹਨ।ਉਨ੍ਹਾਂ ਕਿਹਾ ਕਿ ਸਿਰਫ ਸਿੱਖ ਹੀ ਨਹੀਂ ਸਗੋਂ ਹਰੇਕ ਪੰਜਾਬੀ ਮਹਾਨ ਗੁਰੂ ਸਾਹਿਬਾਨ ਦੀ ਬਖਸ਼ਿਸ਼ ਪ੍ਰਾਪਤ ਇਸ ਪਾਵਨ ਅਸਥਾਨ ਤੋਂ ਸ਼ਕਤੀ ਹਾਸਲ ਕਰਦਾ ਹੈ।ਭਗਵੰਤ ਮਾਨ ਨੇ ਅਰਦਾਸ ਕੀਤੀ ਕਿ ਸੂਬੇ ਵਿੱਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋਣ ਅਤੇ ਪੰਜਾਬ ਹਰੇਕ ਖੇਤਰ ਵਿੱਚ ਮੁਲਕ ਦੀ ਅਗਵਾਈ ਕਰੇ।
                ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਹੂ।ਜਿਸ ਕਰਕੇ ਲੋਕਾਂ ਦੀਆਂ ਉਮੀਦਾਂ ਉਤੇ ਖਰਾ ਉਤਰਨ ਲਈ ਉਹ ਅਕਾਲ ਪੁਰਖ ਦੀਆਂ ਮਿਹਰਾਂ ਹਾਸਲ ਕਰਨ ਇਸ ਪਾਵਨ ਅਸਥਾਨ ’ਤੇ ਨਤਮਸਤਕ ਹੋਏ ਹਨ। ਉਨਾਂ ਨੇ ਕਿਹਾ ਕਿ ਉਹ ਇਸ ਅਸਥਾਨ ਉਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਅਤੇ ਇਥੇ ਆਉਣ ਨਾਲ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਮਿਸ਼ਨਰੀ ਭਾਵਨਾ ਨਾਲ ਕਰਨ ਲਈ ਨਵੇਂ ਉਤਸ਼ਾਹ ਤੇ ਜੋਸ਼ ਨਾਲ ਭਰ ਦਿੱਤਾ ਹੈ।

                ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾਕਟਰ ਅਜੇ ਕੁਮਾਰ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਅਰਣਪਾਲ ਸਿੰਘ, ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …