Tuesday, April 14, 2026

ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ – ਸਹਾਇਕ ਕਮਿਸ਼ਨਰ ਜਰਨਲ

ਪਠਾਨਕੋਟ, 8 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਬੁੱਧਵਾਰ ਨੂੰ ਸਹਾਇਕ ਕਮਿਸ਼ਨਰ ਜਰਨਲ ਸ੍ਰੀਮਤੀ ਸੁਮਿਤ ਮੁਧ ਦੀ ਪ੍ਰਧਾਨਗੀ ਮਾਨਸੂਨ ਸੀਜ਼ਨ-2022 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਆਯੋਜਿਤ ਕੀਤੀ ਗਈ।ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਸਹਾਇਕ ਕਮਿਸ਼ਨਰ ਜਰਨਲ ਨੇ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕਿਸ਼ਤੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ ਆਦਿ ਸਮਾਨ ਦੀ ਪਹਿਲਾਂ ਤੋਂ ਹੀ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਰਿਪੇਅਰ ਕਰਵਾਈ ਜਾਵੇ।ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਡਰੇਨੇਜ਼ ਅਤੇ ਸੀਵਰੇਜ਼ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਇਸ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ।
                 ਸ੍ਰੀਮਤੀ ਸੁਮਿਤ ਮੁਧ ਸਹਾਇਕ ਕਮਿਸ਼ਨਰ ਜਰਨਲ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਇਕ ਜ਼ਿਲ੍ਹਾ ਪੱਧਰ ’ਤੇ ਅਤੇ ਸਬ-ਡਵੀਜ਼ਨ ਪੱਧਰ ’ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਜਾਣ।ਜਿਸ ਲਈ ਸਬੰਧਤ ਸਟਾਫ਼ ਦੀ ਡਿਊਟੀ ਲਗਾਈ ਜਾਵੇ।ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਦੌਰਾਨ ਜਿਥੇ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ, ਉਥੇ ਦਵਾਈਆਂ ਦਾ ਵੀ ਪ੍ਰਬੰਧ ਯਕੀਨੀ ਬਣਾਇਆ ਜਾਵੇ।ਉਨ੍ਹਾਂ ਹੜ੍ਹਾਂ ਵਰਗੇ ਹਾਲਾਤ ਦੌਰਾਨ ਪਸ਼ੂ ਪਾਲਣ ਵਿਭਾਗ ਅਤੇ ਖੇਤੀਬਾੜੀ ਵਿਭਾਗ ਨੂੰ ਆਪਸੀ ਤਾਲਮੇਲ ਨਾਲ ਪਸ਼ੂਆਂ ਦੇ ਚਾਰੇ ਆਦਿ ਸਬੰਧੀ ਉਚਿਤ ਪ੍ਰਬੰਧ ਕਰਨ ਲਈ ਵੀ ਕਿਹਾ।ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਸੰਭਾਵੀ ਹੜ੍ਹਾਂ ਸਬੰਧੀ ਪੂਰੀ ਗੰਭੀਰਤਾ ਨਾਲ ਅਗੇਤੇ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਹੜ੍ਹਾਂ ਵਰਗੇ ਹਾਲਾਤ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ।
                 ਇਸ ਮੌਕੇ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਡੀ.ਡੀ.ਪੀ.ਓ ਪਠਾਨਕੋਟ ਯੁੱਧਵੀਰ ਸਿੰਘ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …