ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਪਾਵਨ ਸਰੂਪ ਅਗਨ ਭੇਟ
ਅੰਮ੍ਰਿਤਸਰ, 1 ਦਸੰਬਰ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਰਨ ਤਾਰਨ ਦੇ ਨਜਦੀਕ ਪਿੰਡ ਜੋਧਪੁਰ ਵਿਖੇ ਇੱਕ ਗੁਰੂਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਂਟ ਕਰਨ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਂਟ ਕਰਨ ਦੀਆ ਵੱਧ ਰਹੀਆ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਗੁਰੂ ਸਾਹਿਬ ਦੇ ਸਰੂਪਾਂ ਦੀ ਸੇਵਾ-ਸੰਭਾਲ ਸਹੀ ਢੰਗ ਨਾਲ ਕੀਤੀ ਜਾਵੇ।ਉਹਨਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋ ਆਦੇਸ਼ ਵੀ ਜਾਰੀ ਹੋ ਚੁੱਕੇ ਹਨ ਅਤੇ ਹੁਣ ਤੱਕ ਦੀ ਪੜਤਾਲ ਮੁਤਾਬਕ ਜੋਧਪੁਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨੀ ਭੇਂਟ ਕਿਸੇ ਸਾਜਿਸ਼ ਤਹਿਤ ਕੀਤਾ ਗਿਆ ਹੈ, ਜੋ ਅੱਤ ਘਿਨਾਉਣੀ ਕਾਰਵਾਈ ਹੈ।ਉਹਨਾਂ ਕਿਹਾ ਕਿ ਪ੍ਰਬੰਧਾਂ ਵਿੱਚ ਢਿੱਲ ਵਤਰਣ ਵਾਲੇ ਪ੍ਰਬੰਧਕਾਂ ਦੀ ਕਲਾਸ ਲਗਾਈ ਜਾਵੇਗੀ ਅਤੇ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਸਜਾਵਾਂ ਦਿੱਤੀਆ ਜਾਣਗੀਆਂ।
ਉਹਨਾਂ ਪੁਲੀਸ ਪ੍ਰਸ਼ਾਸ਼ਨ ਨੂੰ ਵੀ ਤਾੜਨਾ ਕਰਦਿਆ ਕਿਹਾ ਕਿ ਉਹ ਵੀ ਤੁਰੰਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਕੇ ਉਨਾਂ ਨੂੰ ਕਨੂੰਨ ਦੇ ਹਵਾਲੇ ਕਰੇ ਤਾਂ ਕਿ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਣ।ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ 80 ਫੀਸਦੀ ਜਲ ਚੁੱਕਾ ਹੈ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਕਿਹਾ ਕਿ ਮਿਲੀ ਰਿਪੋਰਟ ਮੁਤਾਬਕ ਕਿਸੇ ਸ਼ਰਾਰਤੀ ਨੇ ਬਕਾਇਦਾ ਤੌਰ ਤੇ ਗੁਰੂ ਘਰ ਦੀਆਂ ਪੋੜੀਆ ਚੜ ਕੇ ਕਿਸੇ ਕੱਪੜੇ ਨੂੰ ਅੱਗ ਲਗਾ ਕੇ ਅੰਦਰ ਸੁੱਟੀ ਹੈ ਤਾਂ ਕਿ ਸਰੂਪ ਨੂੰ ਪੂਰਨ ਰੂਪ ਵਿੱਚ ਸਾੜਿਆ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਨੂੰ ਰੋਕਣ ਲਈ ਗੁਰੂ ਘਰਾਂ ਵਿੱਚ 24 ਘੰਟੇ ਪਹਿਰੇ ਦਾ ਬੰਦੋਬਸਤ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਸ਼ਰਾਰਤ ਵੀ ਕਰਨ ਦਾ ਮੌਕਾ ਹੀ ਨਾ ਮਿਲ ਸਕੇ।
Punjab Post Daily Online Newspaper & Print Media
