ਛੀਨਾ ਵਲੋਂ ਡਾਇਰੈਕਟਰ ਅਮਰਦੀਪ ਸਿੰਘ ਤੇ ਸਕ੍ਰਿਪਟ ਰਾਈਟਰ ਵਿਨਇੰਦਰ ਕੌਰ ਦੇ ਯਤਨਾਂ ਦੀ ਸ਼ਲਾਘਾ
ਅੰਮ੍ਰਿਤਸਰ, 19 ਜੂਨ (ਖੁਰਮਣੀਆਂ) – ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨਾਲ ਸਬੰਧਿਤ ਅੰਗਰੇਜ਼ੀ
ਸੀਰੀਜ਼ ਦਾ ਨਵਾਂ ਪੰਜਾਬੀ ਐਡੀਸ਼ਨ ‘ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ’ ਨਾਮਕ ਪੰਜਾਬੀ ਡਾਕੂਮੈਂਟਰੀ ਅੱਜ ਇਥੇ ਖ਼ਾਲਸਾ ਕਾਲਜ ਵੂਮੈਨ ਵਿਖੇ ਜਾਰੀ ਕੀਤੀ ਗਈ।ਸਿੰਘਾਪੁਰ ਵਸਨੀਕ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਵਿਨਇੰਦਰ ਕੌਰ ਦੁਆਰਾ ਤਿਆਰ ਕੀਤੀ ਗਈ ਸਿੱਖਾਂ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਗਤ ਦੇ ਲੋਕਾਂ ਨੂੰ ਤਾਰਨ ਲਈ ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਇਰਾਕ, ਸਾਊਦੀ ਅਰਬ, ਤਿੱਬਤ, ਬੰਗਲਾਦੇਸ਼, ਭਾਰਤ ਅਤੇ ਸ੍ਰੀਲੰਕਾ ਵਰਗੇ ਦੂਰ-ਦੁਰਾਡੇ ਦੇਸ਼ਾਂ ਨਾਲ ਸਬੰਧਿਤ ਕੀਤੀਆਂ ਯਾਤਰਾਵਾਂ ਨੂੰ ਬਹੁਤ ਹੀ ਵਧੀਆ ਅਤੇ ਦਿਲਕਸ਼ ਢੰਗ ਨਾਲ ਵੀਡਿਓਗ੍ਰਾਫ਼ੀ ਕਰਕੇ ਤਿਆਰ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਕਤ ਜੋੜੇ ਨੇ ਲੰਬੀਆਂ ਯਾਤਰਾਵਾਂ ਕੀਤੀਆਂ ਅਤੇ ਇਹ ਡਾਕੂਮੈਂਟਰੀ ਜੋ ਅਧਿਆਤਮਿਕ ਵਿਚਾਰ-ਵਟਾਂਦਰੇ ਅਤੇ ਸੰਵਾਦ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਅਸਥਾਨਾਂ ਦੀ ਕੀਤੀ ਗਈ ਵਿਸ਼ਾਲ ਯਾਤਰਾ ਦਾ ਵਰਣਨ ਕਰਦੀ ਹੈ, ਦੀ ਲੜੀ ‘ਦੀ ਗੁਰੂ ਨਾਨਕ ਡਾਟ ਕਾਮ’ ’ਤੇ ਪੂਰੀ ਤਰ੍ਹਾਂ ਮੁਫਤ ਉਪਲੱਬਧ ਹੈ।
ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾਕੂਮੈਂਟਰੀ ਤਿਆਰ ਕਰਵਾਉਣ ਵਾਲੇ ਅਮਰਦੀਪ ਸਿੰਘ ਅਤੇ ਵਿਨਇੰਦਰ ਕੌਰ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਆਪਣੇ ਇਤਿਹਾਸ, ਗੁਰੂ ਸਾਹਿਬਾਨਾਂ ਦੀਆਂ ਕੀਤੀਆਂ ਯਾਤਰਾਵਾਂ ਅਤੇ ਉਪਦੇਸ਼ਾਂ ਦਾ ਗਿਆਨ ਹੋਣਾ ਅਤਿ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਉਕਤ ਜੋੜੇ ਦੁਆਰਾ ਤਿਆਰ ਕਰਵਾਈ ਗਈ ਇਸ ਡਾਕੂਮੈਂਟਰੀ ਦੀ ਵੀਡੀਓਗ੍ਰਾਫ਼ੀ ਬਾ-ਕਾਮਲ ਹੈ।ਜਿਸ ਨੂੰ ਵੇਖ ਕੇ ਲੱਗਦਾ ਹੈ ਜਿਵੇਂ ਅਸੀਂ ਸੱਚਮੁਚ ਇਨ੍ਹਾਂ ਧਾਰਮਿਕ ਅਸਥਾਨਾਂ ਦੀਆਂ ਯਾਤਰਾਵਾਂ ਦਾ ਹਿੱਸਾ ਹਾਂ।
ਅਮਰਦੀਪ ਸਿੰਘ ਨੇ ਦੱਸਿਆ ਕਿ ਇਸ ਡਾਕੂਮੈਂਟਰੀ ਦਾ ਅੰਗਰੇਜ਼ੀ ਐਡੀਸ਼ਨ ਸਤੰਬਰ 2021 ’ਚ ‘ਐਲੀਗੋਰੀ, ਏ ਟੈਪੇਸਟ੍ਰੀ ਆਫ਼ ਗੁਰੂ ਨਾਨਕ ਟਰੈਵਲਜ਼’ ਸਿਰਲੇਖ ਹੇਠ ਜਾਰੀ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਇਹ 24-ਐਪੀਸੋਡ ਡਾਕੂਮੈਂਟਰੀ ਲੌਸਟ ਹੈਰੀਟੇਜ਼ ਪ੍ਰੋਡਕਸ਼ਨ, ਸਿੰਘਾਪੁਰ ਅਧਾਰਿਤ ਪ੍ਰੋਡਕਸ਼ਨ ਹਾਊਸ ਅਤੇ ਸਿੱਖ ਲੈਂਸ ਪ੍ਰੋਡਕਸ਼ਨ, ਯੂ.ਐਸ.ਏ ਅਧਾਰਿਤ ਗੈਰ-ਲਾਭਕਾਰੀ ਸੰਸਥਾ ਦਾ ਸੰਯੁਕਤ ਪ੍ਰੋਡਕਸ਼ਨ ਹੈ।ਉਨ੍ਹਾਂ ਇਸ ਨੂੰ 9 ਦੇਸ਼ਾਂ ’ਚ 150 ਤੋਂ ਵੱਧ ਵੱਖ-ਵੱਖ ਧਾਰਮਿਕ ਅਤੇ ਬਹੁ-ਵਿਸ਼ਵਾਸ ਸਥਾਨਾਂ ’ਚ ਫਿਲਮਾਇਆ ਗਿਆ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ 22 ਸਾਲਾਂ ਦੀ ਲੰਬੀ ਅਧਿਆਤਮਿਕ ਖੋਜ਼ ਦੌਰਾਨ ਯਾਤਰਾ ਕੀਤੀ ਸੀ।
ਉਨ੍ਹਾਂ ਕਿਹਾ ਕਿ ‘ਅਜਿਹੇ ਨਾਜ਼ੁਕ ਅਤੇ ਅਸਥਿਰ ਸੰਸਾਰ ’ਚ ਇਹ ਸਮਝਣ ਦਾ ਇਸ ਤੋਂ ਵਧੀਆ ਸਮਾਂ ਕਦੇ ਨਹੀਂ ਆਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਨੁਭਵੀ ਗਿਆਨ ਨੂੰ ਸਾਂਝਾ ਕਰਨ ਅਤੇ ਮਨੁੱਖਤਾ ਦੀ ਏਕਤਾ ਦਾ ਪ੍ਰਚਾਰ ਕਰਨ ਲਈ 22 ਸਾਲਾਂ ਤੱਕ ਵੱਖ-ਵੱਖ ਦਿਸ਼ਾਵਾਂ ’ਚ ਯਾਤਰਾਵਾਂ ਕਿਉਂ ਕੀਤੀਆਂ ਸਨ।
ਵਿਨਇੰਦਰ ਕੌਰ ਨੇ ਕਿਹਾ ਕਿ ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 260 ਤੋਂ ਵੱਧ ਸ਼ਬਦਾਂ (ਮੁੱਖ ਵਚਨਾਂ ਜਾਂ ਵਾਕ) ਨੂੰ ਰਾਗਾਂ ’ਚ ਮਹੱਤਵਪੂਰਨ ਅਧਿਆਤਮਿਕ ਅਤੇ ਵਿਹਾਰਕ ਸੋਚ ਦੀ ਅਪੀਲ ਕਰਨ ਦੇ ਲਈ ਪੇਸ਼ ਕੀਤਾ ਗਿਆ ਹੈ ਜੋ ਇਸ ਡਾਕੂਮੈਂਟਰੀ ਦਾ ਅਧਾਰ ਹੈ।ਇਸ ਤੋਂ ਇਲਾਵਾ, ਉਪ-ਮਹਾਂਦੀਪ ਦੇ 14 ਸੰਤਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਅਤੇ ਪੂਰਵਜ਼ਾਂ ਦੇ ਬਿਰਤਾਂਤ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ਼ ਹੈ, ਉਸ ਨੂੰ ਇਸ ਡਾਕੂਮੈਂਟਰੀ ਸੀਰੀਜ਼ ’ਚ ਪੇਸ਼ ਕੀਤਾ ਗਿਆ ਹੈ।’’
ਅਖ਼ੀਰ ’ਚ ਅਮਰਦੀਪ ਨੇ ਇਸ ਡਾਕੂਮੈਂਟਰੀ ਸੀਰੀਜ਼ ਦੇ ਹਿੰਦੀ, ਸ਼ਾਹਮੁਖੀ ਅਤੇ ਉਰਦੂ ਐਡੀਸ਼ਨਾਂ ਨੂੰ ਤਿਆਰ ਕਰਨ ਦੇ ਇਸ ਗੈਰ-ਵਪਾਰਕ ਯਤਨ ਲਈ ਭਾਈਚਾਰੇ ਦੇ ਸਮਰਥਨ ਦੀ ਮੰਗ ਕਰਦਿਆਂ ਕਿਹਾ ਉਹ ਪੂਰੀ ਦੁਨੀਆ ’ਚ ਸਕਾਰਾਤਮਕਤਾ ਅਤੇ ਸਦਭਾਵਨਾ ਦੇ ਸੰਦੇਸ਼ ਫੈਲਾਉਣ ਲਈ ਸਮਾਨ ਸੋਚ ਵਾਲੇ ਲੋਕਾਂ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ।
ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਨੇ ਅਮਰਦੀਪ ਸਿੰਘ ਅਤੇ ਵਿਨਇੰਦਰ ਕੌਰ ਦੁਆਰਾ ਲਗਭਗ 4 ਸਾਲਾਂ ’ਚ ਤਿਆਰ ਕਰਵਾਈ ਗਈ ਇਸ ਡਾਕੂਮੈਂਟਰੀ ਲਈ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿੱਖ ਕੌਮ ਅਤੇ ਧਰਮ ਨੂੰ ਜੋੜਣ ਲਈ ਅਜਿਹੇ ਯਤਨ ਭਵਿੱਖ ’ਚ ਵੀ ਉਨ੍ਹਾਂ ਵਲੋਂ ਜਾਰੀ ਰਹਿਣਗੇ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਜਤਿੰਦਰ ਸਿੰਘ ਬਰਾੜ, ਜੁਆਇੰਟ ਸਕੱਤਰ ਅਜ਼ਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਮੈਂਬਰ ਸੁਖਬੀਰ ਕੌਰ ਮਾਹਲ, ਗੁਰਪ੍ਰੀਤ ਸਿੰਘ ਗਿੱਲ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਐਸ.ਪੀ ਸੰਧੂ, ਖਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਪ੍ਰਿੰਸੀਪਲ ਡਾ. ਆਰ.ਕੇ ਧਵਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਚਵਿੰਡਾ ਦੇਵੀ ਪ੍ਰਿੰਸੀਪਲ ਗੁਰਦੇਵ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਪ੍ਰਿੰਸੀਪਲ ਨਾਨਕ ਸਿੰਘ, ਖ਼ਾਲਸਾ ਗਾਲਜ ਪਬਲਿਕ ਸਕੂਲ ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ਼, ਅੰਡਰ ਸੈਕਟਰੀ ਡੀ.ਐਸ ਰਟੌਲ, ਕਾਲਜ ਅਧਿਆਪਕ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media