Saturday, March 7, 2026

ਕਿਸਾਨ ਮਜ਼ਦੂਰ ਜਥੇਬੰਦੀ ਨੇ ਅਗਨੀਪਥ ਯੋਜਨਾ ਖਿਲਾਫ ਫੂਕੇ ਮੋਦੀ ਸਰਕਾਰ ਦੇ ਪੁੱਤਲੇ

ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਖਿਲਾਫ ਅੱਜ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁੱਤਲੇ ਫੂਕੇ ਗਏ।ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਜਿਲ੍ਹੇ ਵਿੱਚ ਲਗਭਗ 20 ਥਾਵਾਂ ‘ਤੇ ਮੋਦੀ ਦੇ ਪੁੱਤਲੇ ਫੂਕੇ ਗਏ।ਗੋਲਡਨ ਗੇਟ ਵਿਖੇ ਕਿਸਾਨਾਂ, ਮਜਦੂਰਾਂ, ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋ ਦੇਸ਼ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋ ਬਾਅਦ ਹੁਣ ਫੌਜ ਨੂੰ ਠੇਕੇ ‘ਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ।ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਫੌਜ ਵਿੱਚ 4 ਸਾਲ ਨੌਕਰੀ ਕਰਨ ਤੋ ਬਾਅਦ 75% ਨੌਜਵਾਨਾਂ ਨੂੰ ਬੇਰਜ਼ਗਾਰੀ ਵੱਲ ਧੱਕੇਗੀ।ਜਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਸਕੱਤਰ ਸਿੰਘ ਕੋਟਲਾ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਕੇਂਦਰ ਸਰਕਾਰ ਵਲੋਂ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ ਲੱਖਾਂ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੇ ਬਿਲਕੁੱਲ ਉਲਟ ਹੈ।
                      ਅੱਜ ਗੋਲਡਨ ਗੇਟ ਵਿਖੇ ਵਿਸ਼ਾਲ ਇਕੱਠ ਵਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਮਾਰਦੇ ਹੋਏ ਲੋਕ ਦੋਖੀ ਕੇਂਦਰ ਸਰਕਾਰ ਦਾ ਵੱਡਾ ਪੁਤਲਾ ਫੂਕਿਆ ਗਿਆ।ਇਥੇ ਮੰਗਜੀਤ ਸਿੰਘ ਸਿੱਧਵਾਂ, ਮੰਗਵਿੰਦਰ ਸਿੰਘ ਮੰਡਿਆਲਾ, ਨਿਸ਼ਾਨ ਸਿੰਘ ਚੱਬਾ, ਕਵਲਜੀਤ ਸਿੰਘ ਵੰਨਚੜੀ, ਮਨਰਾਜ ਸਿੰਘ, ਰਵਿੰਦਰਬੀਰ ਸਿੰਘ ਵੱਲਾ, ਫਤਹਿ ਸਿੰਘ ਬੁੱਤ, ਬਲਿਹਾਰ ਸਿੰਘ ਛੀਨਾ, ਗੁਰਪਾਲ ਸਿੰਘ ਮੱਖਣਵਿੰਡੀ, ਸ਼ਮਸ਼ੇਰ ਸਿੰਘ ਛੇਹਰਟਾ ਆਦਿ ਆਗੂਆਂ ਨੇ ਗੋਲਡਨ ਗੇਟ ਵਿਖੇ ਇਕੱਠ ਨੂੰ ਸੰਬੋਧਨ ਕੀਤਾ।ਉਨਾਂ ਨੇ ਇਹ ਯੋਜਨਾ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ।ਜੰਡਿਆਲਾ ਗੁਰੂ, ਟਾਂਗਰਾ, ਰਈਆ, ਸਠਿਆਲਾ, ਬੁਤਾਲਾ, ਗੱਗੋਮਾਹਲ, ਅਜਨਾਲਾ, ਗੁਰੂ ਕਾ ਬਾਗ, ਜਗਦੇਵ ਕਲਾਂ, ਲੋਪੋਕੇ, ਚੋਗਾਵਾਂ, ਖਾਸਾ, ਅਟਾਰੀ, ਮਹਿਤਾ ਚੌਂਕ, ਖੁਜਾਲਾ, ਟਾਹਲੀ ਸਾਹਿਬ, ਕੱਥੂਨੰਗਲ ਟੋਲ ਪਲਾਜ਼ਾ, ਮਜੀਠਾ ਆਦਿ ਥਾਵਾਂ ‘ਤੇ ਵੀ ਪੁੱਤਲੇ ਫੂਕੇ ਗਏ।
                    ਇਸੇ ਦੌਰਾਨ ਕਿਸਾਨ ਆਗੂ ਡਾ: ਕੰਵਰ ਦਲੀਪ ਸਿੰਘ, ਬਾਜ਼ ਸਿੰਘ ਸਾਰੰਗੜਾ, ਬਲਦੇਵ ਸਿੰਘ ਬੱਗਾ, ਲਖਵਿੰਦਰ ਸਿੰਘ ਡਾਲਾ ਦੀ ਅਗਵਾਈ ਹੇਠ ਪੂਰੇ ਜਿਲ੍ਹੇ ‘ਚ ਅਲਗ ਅਲੱਗ ਥਾਵਾਂ ‘ਤੇ ਮੋਦੀ ਸਰਕਾਰ ਦੇ ਪੁੱਤਲੇ ਸਾੜੇ ਗਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …