ਬਾਗਾਂ ਅਧੀਨ ਰਕਬਾ ਵਧਾਉਣਾ ਤੇ ਟ੍ਰੇਨਿੰਗ ਦੇ ਕੇ ਬਾਗਬਾਨਾਂ ਦੀ ਆਮਦਨ ਵਧਾਉਣਾ ਮੁੱਖ ਮੰਤਵ – ਡਿਪਟੀ ਡਾਇਰੈਕਟਰ ਬਾਗਬਾਨੀ
ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਨੇ ਦੱਸਿਆ ਕਿ ਪੀਅਰ ਅਸਟੇਟ ਦਾ ਮੁਖ ਮੰਤਵ ਬਾਗਾਂ ਅਧੀਨ
ਰਕਬਾ ਵਧਾਉਣਾ, ਬਾਗਬਾਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।ਉਨਾਂ ਦੱਸਿਆ ਕਿ ਪੀਅਰ ਅਸਟੇਟ ਦੀ ਬਿਲਡਿੰਗ ਤਿਆਰ ਹੋਣ ਉਪਰੰਤ ਇਹ ਦੂਸਰਾ ਇਜਲਾਸ ਕਰਾਇਆ ਗਿਆ ਹੈ।ਉਹਨਾਂ ਕਿਹਾ ਕਿ ਪੀਅਰ ਅਸਟੇਟ ਨੂੰ ਕੁੱਲ ਚਾਰ ਕਰੋੜ ਪੰਜਾਹ ਲੱਖ ਰੁਪਏ ਦਾ ਬਜ਼ਟ ਅਲਾਟ ਹੋਇਆ ਸੀ।
ਤੇਜਬੀਰ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਦੱਸਿਆ ਕਿ ਕੌਮੀ ਬਾਗਾਬਨੀ ਮਿਸ਼ਨ ਤਹਿਤ ਨਵੇਂ ਬਾਗ ਲਗਾਉਣ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ, ਖੰੁਬ ਪੈਦਾਵਰ ਯੂਨਿਟ, ਸਪਾਨ ਬਣਾਉਣ ਲਈ ਯੂਨਿਟ, ਕੰਪੋਸਟ ਬਣਾਉਣ ਲਈ ਯੂਨਿਟ, ਫੁੱਲਾਂ ਦੀ ਪੈਦਾਵਰ, ਪੋਲੀਹਾਊਸ, ਸ਼ੈਡਨੈਟ ਹਾਊਸ, ਵਰਮੀਕੰਪੋਸਟ ਯੂਨਿਟ, ਸ਼ਹਿਦ ਦੀਆਂ ਮੱਖੀਆਂ ਦੇ ਬਕਸੇ, ਬਾਗਬਾਨੀ ਮਸ਼ੀਨਰੀ, ਬਾਗਬਾਨੀ ਫਸਲਾਂ ਦੀ ਪੈਕਿੰਗ ਲਈ ਪੈਕ ਹਾਊਸ, ਕੋਲਡ ਸਟੋਰ, ਰਾਈਪਨਿੰਗ ਚੈਂਬਰ, ਆਨਫਾਰਮ ਕੋਲਡ ਰੂਮ, ਬੈਂਬੂ ਸਟੇਕਿੰਗ ਆਦਿ ਸਕੀਮਾਂ ‘ਤੇ ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢਿੱਲੋਂ ਨੇ ਰਜਿਸਟਰਡ ਮੈਂਬਰਾਂ ਤੋਂ ਪ੍ਰਾਪਤ ਹੋਈ ਫੀਸ ਤੇ ਮਸ਼ੀਨਰੀ ਦੇ ਕਿਰਾਏ ਤੋਂ ਪ੍ਰਾਪਤ ਹੋਈ ਰਕਮ ਬਾਰੇ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਜਲਦੀ ਹੀ ਐਗਰੋਕੈਮੀਕਲ ਵੀ ਵਾਜ਼ਿਬ ਰੇਟਾਂ ‘ਤੇ ਬਾਗਬਾਨਾਂ ਨੂੰ ਸਪਲਾਈ ਕੀਤੇ ਜਾਣਗੇ।ਇੱਕ ਮਿੱਟੀ/ਪੱਤਾ ਪਰਖ ਲੈਬਾਰਟਰੀ ਅਤੇ ਇੱਕ ਆਨ ਫਾਰਮ ਕੋਲਡ ਰੂਮ 3 ਮੀ.ਟਨ ਵੀ ਜਲਦੀ ਹੀ ਬਣ ਰਹੇ ਹਨ।
ਪੀ.ਏ.ਯੂ ਲੁਧਿਆਣਾਂ ਦੇ ਡਾਇਰੈਕਟਰ ਡਾ. ਬੀ.ਵੀ.ਸੀ ਮਹਾਜਨ ਨੇ ਨਾਖ ਦੀ ਤੁੜਾਈ ਅਤੇ ਤੁੜਾਈ ਉਪਰੰਤ ਸਾਂਭ-ਸੰਭਾਲ ਸਬੰਧੀ ਵਿਸਥਾਰ ਸਹਿਤ ਤਕਨੀਕੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਨਾਖ ਦੇ ਫਲ ਦੀ ਡੱਬਾਬੰਦੀ ਲੱਕੜ ਦੀਆਂ ਪੇਟੀਆਂ ਦੀ ਬਜ਼ਾਏ ਪਲਾਸਟਿਕ ਕਰੇਟਾਂ ਅਤੇ ਗੱਤੇ ਦੇ ਡੱਬਿਆਂ ਵਿੱਚ ਕੀਤੀ ਜਾਵੇ।ਜੇਕਰ ਨਾਖ ਨੂੰ ਪਕਾ ਕੇ ਗਿਫਟ ਪੈਕ ਦੇ ਰੂਪ ਵਿੱਚ ਲੋਕਲ ਮੰਡੀ ਵਿੱਚ ਵੇਚਿਆ ਜਾਵੇ ਤਾਂ ਜਿਮੀਦਾਰਾਂ ਦੀ ਆਮਦਨ ਵਿੱਚ ਕਾਫੀ ਵਾਧਾ ਹੋ ਸਕਦਾ ਹੈ।
ਇਜਲਾਸ ਵਿੱਚ ਹਾਜ਼ਰ ਮੈਂਬਰ ਮੇਜਰ ਮਨਮੋਹਨ ਸਿੰਘ, ਮਖਤੂਲ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਰਵੀ, ਡਾ, ਮੱਖਣ ਸਿੰਘ, ਗੁਰਭੇਜ ਸਿੰਘ ਮੱਲੀਆਂ, ਸੰਪੂਰਨ ਸਿੰਘ ਬਾਕੀਪੁਰ, ਦੀਪਕਰਨ ਸਿੰਘ ਕੱਥੂਨੰਗਲ ਨੇ ਪੀਅਰ ਅਸਟੇਟ ਵਿੱਚ ਹੋਰ ਕੀਤੇ ਜਾ ਸਕਣ ਵਾਲੇ ਕੰਮਾਂ ਸਬੰਧੀ ਸੁਝਾਅ ਦਿੱਤੇ।ਹਾਜ਼ਰ ਸਮੂਹ ਮੈਂਬਰਾਂ ਨੇ ਪੀਅਰ ਅਸਟੇਟ ਦੇ ਹੁਣ ਤਕ ਕੀਤੇ ਖਰਚਿਆਂ ਬਾਰੇ ਆਪਣੀ ਸਹਿਮਤੀ ਦਿੱਤੀ।ਨਵੀਂ ਕਾਰਜ਼ਕਾਰਨੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਇਜਲਾਸ ਦੇ ਸੰਚਾਲਕ ਤੇ ਇੰਚਾਰਜ਼ ਪੀਅਰ ਅਸਟੇਟ ਜਤਿੰਦਰ ਸਿੰਘ ਨੇ ਆਏ ਮੈਂਬਰਾਂ ਦਾ ਧਨਵਾਦ ਕੀਤਾ।
ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਹਰਵਿੰਦਰ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਕੌਰ, ਤੇਜਬੀਰ ਸਿੰਘ, ਕਿਰਨਬੀਰ ਕੌਰ ਅਤੇ ਵਿਭਾਗ ਦਾ ਸਟਾਫ ਖੁਸਹਾਲ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media