ਹੁਣ ਤੱਕ ਪੁੱਜੇ 187 ਬੱਚਿਆਂ ਵਿਚੋਂ 156 ਲੜਕੀਆਂ ਤੇ 31 ਲੜਕੇ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਸਾਲ 2008 ਵਿੱਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਲਾਵਾਰਿਸ ਬੱਚਿਆਂ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ
ਪੰਘੂੜਾ ਸਕੀਮ ਹੁਣ ਤੱਕ 187 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ।25/8/2022 ਨੂੰ ਰਾਤ 10.15 ਵਜੇ ਕੋਈ ਵਿਅਕਤੀ ਨਵ-ਜ਼ੰਮੀ ਬੱਚੀ ਨੂੰ ਪੰਘੂੜੇ ਵਿੱਚ ਛੱਡ ਗਿਆ ਸੀ।ਜਿਸ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਅਤੇ ਇਸ ਵੇਲੇ ਇਹ ਬੱਚੀ ਬਿਲਕੁੱਲ ਤੰਦਰੁਸਤ ਹੈ।
ਚੇਅਰਪਰਸਨ ਰੈਡ ਕਰਾਸ ਸੁਸਾਇਟੀ ਡਾ. ਗੁਰਪ੍ਰੀਤ ਕੌਰ ਜੋਹਲ ਸੂਦਨ ਵੱਲੋਂ ਇਸ ਬੱਚੇ ਨੂੰ ਪੰਘੂੜੇ ਵਿੱਚ ਪ੍ਰਾਪਤ ਕੀਤਾ ਗਿਆ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ।ਉਨ੍ਹਾਂ ਨੇ ਇਸ ਨਿਵੇਕਲੀ ਪਹਿਲ ਦੀ ਤਾਰੀਫ ਕਰਦੇ ਕਿਹਾ ਕਿ ਇਹ 187 ਮਾਸੂਮ ਜ਼ਿੰਦਾਂ ਨੂੰ ਬਚਾਉਣ ਵਾਲਾ ਪੰਘੂੜਾ ਜਿਥੇ ਮੁਬਾਰਕਵਾਦ ਦਾ ਹੱਕਦਾਰ ਹੈ, ਉਥੇ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਦੀ ਹੀ ਮਿਲਣਾ ਸਮਾਜ ਲਈ ਇਕ ਗੰਭੀਰ ਮਸਲਾ ਹੈ।
ਦੱਸਣਯੋਗ ਹੈ ਕਿ ਪੰਘੂੜੇ ਵਿੱਚ ਆਏ ਬੱਚਿਆਂ ਦੀ ਮੈਡੀਕਲ ਜਾਂਚ ਪਾਰਵਤੀ ਦੇਵੀ ਹਸਪਤਾਲ ਵਿਖੇ ਕਰਵਾਈ ਜਾਂਦੀ ਹੈ ਅਤੇ ਹਸਪਤਾਲ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਬੱਚਿਆਂ ਦਾ ਸਾਰਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ।ਇਸ ਮਗਰੋਂ ਸੁਰੱਖਿਅਤ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਦੀ ਆਸ ਵਿਚ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ ਲੀਗਲ ਅਡਾਪਸ਼ਨ ਐਡ ਪਲੇਸਮੈਂਟ ਏਜੰਸੀ ਵਿਚ ਬੱਚੇ ਦੀ ਪ੍ਰਵਰਿਸ਼ ਕਰਕੇ ਤਬਦੀਲ ਕਰ ਦਿੱਤਾ ਜਾਂਦਾ ਹੈ, ਜਿਥੋਂ ਲੋੜਵੰਦ ਪਰਿਵਾਰ ਬੱਚੇ ਨੂੰ ਗੋਦ ਲੈ ਲੈਂਦੇ ਹਨ।ਹੁਣ ਤੱਕ ਪੰਘੂੜਾ ਸਕੀਮ ਤਹਿਤ ਇਨ੍ਹਾਂ ਬੱਚਿਆਂ ਦੇ ਆਉਣ ਨਾਲ ਬੱਚਿਆਂ ਦੀ ਗਿਣਤੀ 187 ਹੋ ਗਈ ਹੈ, ਜਿਨ੍ਹਾਂ ਵਿਚ 156 ਲੜਕੀਆਂ ਅਤੇ 31 ਲੜਕੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬੱਚਾ ਗੋਦ ਲੈਣਾ ਚਾਹੁੰਦਾ ਹੋਵੇ ਤਾਂ ਉਹ ਆਨ ਲਾਈਨ ਵੈਬਸਾਈਟ www.care.nic.in ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਸਕੱਤਰ ਰੈਡ ਕਰਾਸ ਤੇਜਿੰਦਰ ਸਿੰਘ ਰਾਜਾ ਅਤੇ ਰਣਧੀਰ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media