Saturday, December 21, 2024

ਪੰਜਾਬ ਦੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦੇ ਹੋਏ ਪਾਣੀ ਤੇ ਪਰਾਲੀ ਨੂੰ ਸੰਭਾਲਣ ਕਿਸਾਨ – ਡਾ. ਨਿੱਝਰ

ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਕੀਤੀ ਜਾਵੇ ਵਿਸ਼ਵ ਪੱਧਰੀ ਮੰਡੀ ਖੇਤੀ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਕੇ.ਵੀ.ਕੇ ਨਾਗ ਕਲਾਂ ਵੱਲੋਂ ਲਗਾਏ ਗਏ ਕਿਸਾਨ ਮੇਲੇ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਤੀ ਕੇਵਲ ਇਕ ਜਾਂ ਦੋ ਮਹੀਨਿਆਂ ਦੇ ਫਸਲੀ ਚੱਕਰ ਨੂੰ ਵੇਖ ਕੇ ਨਾ ਕਰਨ, ਬਲਕਿ ਭਵਿੱਖ ਦੀਆਂ ਸਾਡੀਆਂ ਅਹਿਮ ਲੋੜਾਂ, ਜਿੰਨਾ ਵਿਚ ਪਾਣੀ ਤੇ ਮਿੱਟੀ ਨੂੰ ਬਚਾਉਣਾ ਸਭ ਤੋਂ ਅਹਿਮ ਮੁੱਦਾ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਖੇਤੀ ਕਰਨ। ਉੁਨਾਂ ਕਿਹਾ ਕਿ ਪਰਾਲੀ ਵਰਗਾ ਜੈਵਿਕ ਮਾਦਾ ਅਸੀਂ ਖੇਤਾਂ ਵਿਚ ਸਾੜ ਰਹੇ ਹਾਂ, ਜਦਕਿ ਇਹ ਮਿੱਟੀ ਦੀ ਜਾਨ ਹੈ।ਨਿੱਝਰ ਨੇ ਕਿਹਾ ਕਿ ਇਹ ਕੰਧ ਉਤੇ ਲਿਖਿਆ ਸੱਚ ਹੈ ਕਿ ਪੰਜਾਬ ਨਿਕਟ ਭਵਿੱਖ ਵਿਚ ਹੀ ਪਾਣੀ ਦੇ ਸੰਕਟ ਦਾ ਸਾਹਮਣਾ ਕਰੇਗਾ, ਪਰ ਆਪਾਂ ਫਿਰ ਵੀ ਇਸ ਪ੍ਰਤੀ ਸੁਹਿਰਦ ਨਹੀਂ ਹੋ ਰਹੇ।ਉਨਾਂ ਕਿਹਾ ਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਸੰਨ 2035 ਤੱਕ ਧਰਤੀ ਹੇਠਲਾ ਪਾਣੀ ਇੰਨਾ ਕੁ ਡੂੰਘਾ ਚਲਾ ਜਾਵੇਗਾ ਕਿ ਉਸ ਨੂੰ ਖੇਤੀ ਕਰਨ ਲਈ ਕੱਢਣਾ ਮੁਮਕਿਨ ਨਹੀਂ ਰਹੇਗਾ।ਉਨਾਂ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਵਿਸ਼ਵ ਮੰਡੀ ਦੀ ਮੰਗ ਅਨੁਸਾਰ ਖੇਤੀ ਮਾਡਲ ਅਪਨਾਉਣ ਦਾ ਹੋਕਾ ਦਿੱਤਾ।ਨਿੱਝਰ ਨੇ ਕਿਹਾ ਕਿ ਸਾਡੀ ਤਰਜ਼ਜੀਹ ਫਸਲੀ ਕਮਾਈ ਦੇ ਨਾਲ-ਨਾਲ ਪਾਣੀ, ਮਿੱਟੀ ਤੇ ਵਾਤਵਰਣ ਬਚਾਉਣ ਪ੍ਰਤੀ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਹੀ ਸਾਡੇ ਬੱਚਿਆਂ ਨੂੰ ਰੋਟੀ ਮਿਲ ਸਕੇਗੀ।ਉਨਾਂ ਕਿਹਾ ਕਿ ਅੱਜ ਖੇਤ ਛੋਟੇ ਹੋ ਰਹੇ ਹਨ ਅਤੇ ਖੇਤੀ ਸੰਦ ਵੱਡੇ, ਅਜਿਹੇ ਵਿਚ ਸਹਿਕਾਰਤਾ ਖੇਤੀ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੋਣਾ।ਸਰਕਾਰ ਦੀਆਂ ਕਈ ਸਕੀਮਾਂ ਸਹਿਕਾਰੀ ਖੇਤਰ ਵਿਚ ਵੱਡੀ ਮਦਦਗਾਰ ਹੋ ਸਕਦੀਆਂ ਹਨ, ਪਰ ਸਾਡੇ ਕਿਸਾਨ ਇਕੱਠੇ ਕੰਮ ਕਰਨ ਨੂੰ ਰਾਜ਼ੀ ਨਹੀਂ, ਜਿਸ ਕਾਰਨ ਅਸੀਂ ਇੰਨਾ ਸਕੀਮਾਂ ਦਾ ਕੋਈ ਲਾਭ ਨਹੀਂ ਸਕਦੇ। ਉਨਾਂ ਮਾਝੇ ਦੇ ਕਿਸਾਨਾਂ ਦਾ ਵਿਸੇਸ਼ ਜ਼ਿਕਰ ਕਰਦੇ ਹਵੇਲੀਆਂ, ਮੋਟਰਾਂ ਤੇ ਪਿੰਡਾਂ ਨੂੰ ਜਾਂਦੇ ਰਸਤਿਆਂ ਉਤੇ ਰੁਖ਼ ਲਗਾਉਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਕਿਰਸਾਨੀ ਨੂੰ ਲੈ ਕੇ ਬਹੁਤ ਸੁਹਿਰਦ ਹਨ, ਪਰ ਉਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਦਾ ਉਨੀ ਦੇਰ ਕੋਈ ਅਰਥ ਨਹੀਂ ਰਹਿ ਜਾਂਦਾ, ਜਦ ਤੱਕ ਕਿਸਾਨ ਭਵਿੱਖ ਮੁਖੀ ਨਹੀਂ ਹੁੰਦਾ।ਉਨਾਂ ਕਿਹਾ ਕਿ ਅਸੀਂ ਨਹਿਰੀ ਪਾਣੀ ਨੂੰ ਪੁਨਰ ਸੁਰਜੀਤ ਕਰਕੇ ਧਰਤੀ ਹੇਠਲੇ ਪਾਣੀ ਦੇ ਬੋਝ ਨੂੰ ਘੱਟ ਕਰਾਂਗੇ।
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਵੀ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਸਾਂਭਣ ਦਾ ਸੱਦਾ ਦਿੰਦੇ ਨਵੀਆਂ ਖੇਤੀ ਖੋਜ਼ਾਂ ਦਾ ਲਾਹਾ ਲੈਣ ਲਈ ਕਿਹਾ।ਉਨਾਂ ਕਿਹਾ ਕਿ ਕਿਸਾਨ ਆਮਦਨ ਵਧਾਉਣ ਦੇ ਨਾਲ-ਨਾਲ ਆਪਣੇ ਖੇਤੀ ਖਰਚਿਆਂ ਨੂੰ ਵੀ ਘੱਟ ਕਰਨ, ਇਹ ਸਮੇਂ ਦੀ ਲੋੜ ਹੈ।ਅਟਾਰੀ ਕੇਂਦਰ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਬਰਾੜ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡਾ. ਅਸ਼ੋਕ ਕੁਮਾਰ, ਡਾ. ਤਜਿੰਦਰ ਸਿੰਘ ਰਿਆੜ, ਡਾ. ਬਿਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਡਾ. ਸਤਿੰਦਰ ਕੌਰ ਮਜੀਠਾ, ਪੀ.ਏ.ਯੂ ਦੇ ਖੇਤੀ ਮਾਹਿਰ ਵੀ ਮੌਜ਼ੂਦ ਰਹੇ।ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …