ਇਕਲੇ ਸਿੰਧ ਵਿਚ ਇੱਕ ਹਫ਼ਤੇ ‘ਚ ਕਰਾਇਆ 13 ਹਿੰਦੂ ਲੜਕੀਆਂ ਦਾ ਧਰਮ-ਪਰਿਵਰਤਨ
ਹੈਦਰਾਬਾਦ ਦੀ ਪ੍ਰੈਸ ਕਲੱਬ ਦੇ ਸਾਹਮਣੇ ਪ੍ਰਦਸ਼ਣ ਕਰਦੇ ਹਿੰਦੂ ਪਰਿਵਾਰ ਅਤੇ (ਹਾਸ਼ੀਏ ਵਿਚ) ਇਤਿਹਾਸਕਾਰ ਸ਼੍ਰੀ ਸੁਰਿੰਦਰ ਕੋਛੜ ਅਤੇ ਲੜਕਅਿਾਂ ਕਿਰਨ, ਕਾਜ਼ਲ ਭੀਲ ਅਤੇ ਮਾਰਵੀ ਕੋਹਾਲੀ
ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨ ਦੀ ਹੈਦਰਾਬਾਦ ਹਾਈ ਕੋਰਟ ਵਿਚ ਜੱਜ ਜਫ਼ਰ ਰਾਜਪੂਤ ਦੀ ਅਦਾਲਤ ਵਿਚ ਸੂਬਾ ਸਿੰਧ ਦੀਆਂ ਤਿੰਨ ਦਲਿਤ ਹਿੰਦੂ ਲੜਕੀਆਂ ਕਾਜ਼ਲ ਭੀਲ, ਮਾਰਵੀ ਕੋਹਾਲੀ ਤੇ ਬਦਲ ਕੋਹਾਲੀ ਦੇ ਜਬਰਦਸਤੀ ਇਸਲਾਮ ਕੁਬੂਲ ਕਰਵਾਏ ਜਾਣ ਦੇ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਸਵੇਰੇ 9-00 ਵਜੇ ਹੋਵੇਗੀ।ਪਾਕਿਸਤਾਨੀ ਹਿੰਦੂ-ਸਿੱਖਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਧਾਰਮਿਕ ਤੇ ਵਿਰਾਸਤੀ ਸਮਾਰਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇੇ ਨਜ਼ਰ ਰੱਖਣ ਵਾਲੇ ਇਤਿਹਾਸਕਾਰ ਤੇ ਖੋਜ਼ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਅੱਜ ਦੁਪਿਹਰੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਭਾਵਂੇ ਕਿ ਪਾਕਿਸਤਾਨ ਵਿਚ ਰਹਿੰਦੇ ਹਿੰਦੂ-ਸਿੱਖਾਂ ਦੀ ਹਿਫ਼ਾਜ਼ਤ ਕਰਨਾ ਪਾਕਿਸਤਾਨ ਸਰਕਾਰ ਦੀ ਜਿੰਮੇਦਾਰੀ ਹੈ, ਪਰੰਤੂ ਪਾਕਿਸਤਾਨ ਦੇ ਇਸ ਸੰਬੰਧੀ ਨਾਕਾਮ ਰਹਿਣ ‘ਤੇ ਹੁਣ ਭਾਰਤ ਸਹਿਤ ਹੋਰਨਾਂ ਦੇਸ਼ਾਂ ਨੂੰ ਮਾਨਵਤਾ ਦੇ ਆਧਾਰ ‘ਤੇ ਇਸ ਸੰਬੰਧੀ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਉਥੇ ਰਹਿ ਰਹੇ ਘੱਟ ਗਿਣਤੀ ਹਿੰਦੂ-ਸਿੱਖਾਂ ਦਾ ਭਵਿਖ ਸੁਰਖਿਅਤ ਕੀਤਾ ਜਾ ਸਕੇ।
ਸ਼੍ਰੀ ਕੋਛੜ ਨੇ ਦੱਸਿਆ ਕਿ ਉਪਰੋਕਤ ਮੁਸਲਮਾਨ ਬਣਾਈਆਂ ਗਈਆਂ ਹਿੰਦੂ ਲੜਕੀਆਂ ਦੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਹੈ ਅਤੇ ਪਿਛਲੇ ਇਕ ਹਫ਼ਤੇ ਦੌਰਾਨ ਇਕਲੇ ਸਿੰਧ ਵਿਚ 13 ਹਿੰਦੂ ਲੜਕੀਆਂ ਨੂੰ ਜਬਰਦਸਤੀ ਮੁਸਲਮਾਨ ਬਣਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ।ਉਹਨਾਂ ਕਿਹਾ ਕਿ ਉਪਰੋਕਤ ਅਗਵਾ ਕੀਤੀਆਂ ਗਈਆਂ ਹਿੰਦੂ ਲੜਕੀਆਂ ਵਿਚੋਂ ਮਾਰਵੀ ਕੋਹਾਲੀ (ਉਮਰ 15 ਸਾਲ) ਨੂੰ ਸਿੰਧ ਦੇ ਜ਼ਿਲ੍ਹਾ ਮੀਰਪੁਰ ਦੇ ਤਾਲੁਕਾ ਕੋਟ ਗੁਲਾਮ ਮੁੰਹਮਦ ਦੀ ਘੁਮਾਣ ਕਾਲੋਨੀ ਵਿੱਚੋਂ ਅਤੇ ਕਾਜ਼ਲ ਤੇ ਬਦਲ ਨੂੰ ਇਸੇ ਸੂਬੇ ਦੇ ਹੋਰਨਾਂ ਇਲਾਕਿਆਂ ਵਿਚੋਂ ਦਿਨ-ਦਿਹਾੜੇ ਅਗਵਾ ਕੀਤਾ ਗਿਆ।ਉਹਨਾਂ ਦੱਸਿਆ ਕਿ ਇਸ ਸਮੇਂ ਸਿੰਧ ਦੇ ਮਿੱਠੀ ਅਤੇ ਮਟਿਆਰੀ ਤਾਲੁਕਿਆਂ ਵਿਚ ਦੋ ਦਲਿਤ ਹਿੰਦੂ ਲੜਕੀਆਂ ਨਾਲ ਸਰੇ-ਬਾਜ਼ਾਰ ਬਲਤਕਾਰ ਕਰਨ ਦੇ ਮਾਮਲੇ ਦੇ ਨਾਲ-ਨਾਲ ਜਿਲ੍ਹਾ ਮਟਿਆਰੀ ਦੀ ਹੀ ਤਹਿਸੀਲ ਨਵਾਂ ਸਈਦਾਬਾਦ ਦੇ ਬਲਾਕ ਦਰਗਾਹ ਪੀਰ ਝੰਡਾ ਦੀ ਜਮਸ਼ੋਰ ਕਾਲੋਨੀ ਵਿਚ ਰਹਿੰਦੀ ਕਿਰਨ ਕੁਮਾਰੀ ਦਾ ਮਾਮਲਾ ਭੱਖਿਆ ਹੋਇਆ ਹੈ।ਉਹਨਾਂ ਦੱਸਿਆ ਕਿ ਕਿਰਨ ਦੇ ਅਗਵਾ ਕੀਤੇ ਜਾਣ ਦੇ ਮਾਮਲੇ ਨੂੰ ਮੀਡੀਆ ਵਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਣ ਦੇ ਦੋਸ਼ ਵੱਜੋਂ ਅਗਵਾਕਾਰਾਂ ਦੁਆਰਾ ਕਿਰਨ ਦਾ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਜਦੋਂਕਿ ਪੁਲਿਸ ਵਲੋਂ ਦੋਸ਼ਿਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਅਗਵਾਕਾਰਾਂ ਵਿਰੁੱਧ ਨਹੀਂ ਹਿੰਦੂ ਲੜਕੀ ਦੇ ਮਾਪਿਆਂ ਵਿਰੁੱਧ ਕੀਤੀ ਜਾ ਰਹੀ ਹੈ ਕਾਰਵਾਈ
ਸ਼੍ਰੀ ਕੋਛੜ ਨੇ ਦੱਸਿਆ ਕਿ ਪਿਛਲੇ ਹਫ਼ਤੇ ਜਿਲ੍ਹਾ ਗੋਟਕੀ ਦੇ ਦਹਰਕੀ ਸ਼ਹਿਰ ਦੀ ਆਬਾਦੀ ਮੁਸਤਫ਼ਾਬਾਦ ਦੀ ਅੰਜਲੀ ਮੇਗ੍ਹਵਾਰ (ਉਮਰ 12 ਸਾਲ) ਪੁੱਤਰੀ ਮਾਸਟਰ ਕੁੰਦਨ ਲਾਲ ਨੂੰ ਉਸ ਸਮੇਂ ਉਸ ਦੇ ਘਰ ਵਿਚੋਂ ਅਗਵਾ ਕੀਤਾ ਗਿਆ, ਜਦੋਂ ਦੁਪਿਹਰ ਸਮੇਂ ਉਹ ਆਪਣੇ ਮਾਂ-ਬਾਪ ਪਾਸ ਬੈਠ ਕੇ ਸਕੂਲ ਦਾ ਕੰਮ ਕਰ ਰਹੀ ਸੀ।ਅੰਜਲੀ ਦੇ ਅਗਵਾ ਕੀਤੇ ਜਾਣ ਦੇ ਵਿਰੋਧ ਵਿਚ ਇਲਾਕੇ ਦੇ ਹਿੰਦੂਆਂ ਵਲੋਂ ਹੜਤਾਲ ਕੀਤੇ ਜਾਣ ‘ਤੇ ਅਗਵਾਕਾਰਾਂ ਨੇ ਆਪਣੇ ਰਾਜਨੀਤਿਕ ਰਸੂਖ਼ ਦੇ ਚਲਦਿਆਂ ਦਹਰਕੀ ਦੇ ਥਾਣਾ ਸਦਰ ਵਿਰ ਦਰਗਾਹ ਬਹਰਚੁੰਦੀ ਸ਼ਰੀਫ਼ ਵਲੋਂ ਜਾਰੀ ਕੀਤੇ ਸਰਟੀਫਿਕੇਟ ਸਹਿਤ ਅੰਜਲੀ ਨੂੰ ਪੇਸ਼ ਕਰ ਦਿੱਤਾ।ਸਰਟੀਫਿਕੇਟ ਵਿਚ ਲਿਖਿਆ ਸੀ ਕਿ ਅੰਜਲੀ ਨੇ ਆਪਣੀ ਇੱਛਾ ਨਾਲ ਇਸਲਾਮ ਕੁਬੂਲ ਕਰਕੇ ਆਪਣਾ ਨਾਂਅ ਸਲਮਾ ਬੀਬੀ ਰੱਖ ਲਿਆ ਹੈ।ਅਗਵਾਕਾਰਾਂ ਵਲੋਂ ਹੀ ਸਾਦਿਕਾਬਾਦ ਦੀ ਸਿਵਲ ਕੋਰਟ ਵਿਚ ਧਾਰਾ 164 ਦੇ ਅਧੀਨ ਅੰਜਲੀ ਦੇ ਬਿਆਨ ਦਰਜ਼ ਕਰਵਾਉਣ ਦੇ ਨਾਲ ਹੀ ਉਸ ਵਲੋਂ ਅਦਾਲਤ ਵਿਚ ਇਹ ਲਿਖਤੀ ਸ਼ਿਕਾਇਤ ਵੀ ਦਰਜ਼ ਕਰਵਾ ਦਿੱਤੀ ਗਈ ਕਿ ਉਸ ਦੇ ਮਾਂ-ਬਾਪ ਉਸ ਨੂੰ ਇਸਲਾਮ ਕੁਬੂਲ ਕਰਨ ‘ਤੇ ਡਰਾ-ਧਮਕਾ ਰਹੇ ਹਨ, ਇਸ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।ਅੰਜਲੀ ਨੂੰ ਅਦਾਲਤ ਵਲੋਂ ਕਰਾਚੀ ਜੇਲ ਦੇ ਸੁਧਾਰ-ਘਰ ਵਿਚ ਭੇਜ ਦਿੱਤਾ ਗਿਆ।
ਸ਼੍ਰੀ ਕੋਛੜ ਨੇ ਦੱਸਿਆ ਕਿ ਪਾਕਿਸਤਾਨੀ ਮੁਸਲਿਮ ਸੈਮਿਨਰੀਜ਼ ਦੁਆਰਾ ਨੌਜਵਾਨ ਮੁਸਲਮਾਨਾਂ ਨੂੰ ਇਹ ਕਹਿਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਗੈਰ-ਮੁਸਲਿਮ ਅਤੇ ਵਿਸ਼ੇਸ਼ ਤੌਰ ‘ਤੇ ਕਿਸੇ ਹਿੰਦੂ ਲੜਕੀ ਨੂੰ ਇਸਲਾਮ ਕੁਬੂਲ ਕਰਵਾਉਣ ‘ਤੇ ਹੱਜ਼-ਏ-ਅਕਬਰੀ ਦੇ ਸਮਾਨ ਸਵਾਬ ਮਿਲਦਾ ਹੈ।ਉਹਨਾਂ ਦੱਸਿਆ ਕਿ ਹਿੰਦੂ ਲੜਕੀਆਂ ਨੂੰ ਅਗਵਾ ਕਰਨ ‘ਤੇ ਜੇਕਰ ਉਹ ਇਸਲਾਮ ਕੁਬੂਲ ਕਰਨ ਤੋਂ ਇਨਕਾਰ ਕਰਦੀਆਂ ਹਨ ਤਾਂ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਜਾਨੋ ਮਾਰੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਉਹ ਲੜਕੀਆਂ ਉਨ੍ਹਾਂ ਦੇ ਕਬਜ਼ੇ ਵਿਚੋਂ ਨਿਕਲ ਕੇ ਭੱਜ ਨਾ ਸਕਣ ਅਤੇ ਮੀਡਿਆ ਦੇ ਸਾਹਮਣੇ ਆਪਣਾ ਮੂੰਹ ਨਾ ਖੋਲ ਸਕਣ, ਇਸ ਸਭ ਦੇ ਲਈ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਉਨ੍ਹਾਂ ਨੂੰ ਬੇ-ਆਬਰੂ ਕਰਕੇ ਉਨ੍ਹਾਂ ਦੀਆਂ ਅਸ਼ਲੀਲ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਹਨ।
Punjab Post Daily Online Newspaper & Print Media