ਕਿਹਾ ਰਜਿੰਦਰ ਸਿੰਘ ਚੱਢਾ ਹੋਰ ਫਿਲਮਾਂ ਬਨਾਉਣ ਤੇ ਆਪ ਵੀ ਸਿੱਖੀ ਸਰੂਪ ਵਿਚ ਆਉਣ
ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਬਾਵੇਜਾ ਮੂਵੀ ਪ੍ਰਾਈਵੇਟ ਲਿਮਟਿਡ ਵੱਲੋਂ ਜੋ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜਾਦੇ’ ਬਣਾਈ ਗਈ ਹੈ, ਸੰਸਾਰ ਭਰ ਵਿਚ ਸਿੱਖ ਇਤਿਹਾਸ ਅਤੇ ਕੌਮ ਦੇ ਗੌਰਵਮਈ ਵਿਰਸੇ ਨੂੰ ਦਿਖਾਉਣ ਅਤੇ ਪ੍ਰਚਾਰਨ ਵਿਚ ਮੀਲ-ਪੱਥਰ ਸਾਬਤ ਹੋਈ ਹੈ।ਸ੍ਰੀ ਅਕਾਲ ਤਖਤ ਸਕੱਤਰੇਤ ਵਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫਿਲਮ ਦੇ ਸਬੰਧ ਵਿਚ ਬੋਲਦਿਆਂ ਕਹੇ ਗਏ ਹਨ। ਸਿੰਘ ਸਾਹਿਬ ਨੇ ਕਿਹਾ ਕਿ ਫਿਲਮ ਦੇ ਨਿਰਮਾਤਾ ਅਤੇ ਪੂਰੀ ਟੀਮ ਨੇ ਮਿਹਨਤ ਅਤੇ ਖੋਜ ਸਦਕਾ, ਜਿਸ ਤਰੀਕੇ ਨਾਲ ਸਿੱਖ ਇਤਿਹਾਸ ਦੇ ਇਨ੍ਹਾਂ ਖੂਨੀ ਸਾਕਿਆਂ ਨੂੰ ਸੰਗਤ ਦੇ ਸਾਹਮਣੇ ਪੇਸ਼ ਕੀਤਾ ਹੈ, ਉਸ ਨਾਲ ਇਹ ਫਿਲਮ ਧਰਮ ਪ੍ਰਚਾਰ ਦੇ ਖੇਤਰ ਵਿਚ ਇਕ ਮਿਸਾਲ ਬਣ ਕੇ ਉੱਭਰੀ ਹੈ ਅਤੇ ਇਸ ਫਿਲਮ ਨੂੰ ਸਿੱਖ ਜਗਤ ਵੱਲੋਂ ਬਹੁਤ ਸਲਾਹਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਨੋਜਵਾਨ ਪੀੜ੍ਹੀ ਸਹਿਜੇ ਹੀ ਇਸ ਫਿਲਮ ਨੂੰ ਦੇਖ ਕੇ ਸਿੱਖ ਧਰਮ ਵੱਲ ਪ੍ਰੇਰਿਤ ਹੋ ਰਹੀ ਹੈ ਅਤੇ ਇਸ ਨਿਵੇਕਲੇ ਕਾਰਜ ਲਈ ਸz: ਰਜਿੰਦਰ ਸਿੰਘ ਚੱਢਾ ਅਤੇ ਪੂਰੀ ਟੀਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਫਿਲਮ ਦੇ ਨਿਰਮਾਤਾ ਹੈਰੀ ਬਾਵੇਜਾ ਨੂੰ ਵੀ ਅਪੀਲ ਕੀਤੀ ਹੈ ਕਿ ਜਿਥੇ ਉਹ ਅਜਿਹੀਆਂ ਹੋਰ ਫਿਲਮਾਂ ਬਨਾਉਣ ਉਥੇ ਆਪ ਵੀ ਸਿੱਖੀ ਸਰੂਪ ਵਿਚ ਆਉਣ।ਸਿੰਘ ਸਾਹਿਬ ਨੇ ਹੋਰ ਕਿਹਾ ਕਿ ਉਨ੍ਹਾਂ ਵੱਲੋਂ ਨਿਭਾਏ ਇਸ ਮਹਾਨ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ।