ਪੰਜਾਬੀਆਂ ਵਿੱਚ ਸਾਹਿਤ ਪੜ੍ਹਨ ਦਾ ਘਟ ਰਿਹਾ ਰੁਝਾਨ ਸਾਹਿਤਕ ਖੇਤਰ ਲਈ ਚਿੰਤਾਜਨਕ – ਡਾ. ਯੋਗਰਾਜ
ਸਮਰਾਲਾ, 19 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ
ਪ੍ਰਧਾਨਗੀ ਹੇਠ ਹੋਈ।ਇਸ ਵਾਰ ਸਭਾ ਵਿੱਚ ਵਿਸ਼ੇਸ਼ ਤੌਰ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਯੋਗਰਾਜ (ਉਪ ਚੇਅਰਮੈਨ ਕਲਾ ਪ੍ਰੀਸ਼ਦ ਪੰਜਾਬ) ਅਤੇ ਕਹਾਣੀਕਾਰਾ ਦੀਪਤੀ ਬਬੂਟਾ ਨੇ ਸ਼ਿਰਕਤ ਕੀਤੀ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾ ਜੋਰਾਵਰ ਸਿੰਘ ਪੰਛੀ ਨੇ ਗ਼ਜ਼ਲ ‘ਡਰੇ ਲੋਗ ਲਈ ਕੁੱਝ ਤਾਂ ਸੋਚਣਾ ਪੈਣਾ’ ਸੁਣਾਈ।ਤਰਨ ਬੱਲ ਨੇ ਕਹਾਣੀ ਛਿੰਦਾ ਪੁੱਤ ਸੁਣਾਈ, ਕਹਾਣੀ ਦੇ ਕਥਾਰਸ ਤੇ ਚਰਚਾ ਹੋਈ।ਲਾਲ ਮਿਸਤਰੀ ਨੇ ਗੀਤ ‘ਸੋਨੇ ਰੰਗੀ ਧੁੱਪੇ’ ਸੁਣਾਇਆ।ਸਭਾ ਵਿੱਚ ਵਿਸ਼ੇਸ਼ ਤੌਰ ‘ਤੇ ਕਹਾਣੀ ਪੜ੍ਹਨ ਪੁੱਜੇ ਦੀਪਤੀ ਬਬੂਟਾ ਨੇ ਕਹਾਣੀ ‘ਬਲੈਕ ਆਊਟ’ ਸੁਣਾਈ।ਜਿਸ ਉਪਰ ਨਿੱਠ ਕੇ ਖੂਬ ਚਰਚਾ ਹੋਈ।ਨਵੇਂ ਵਿਸ਼ੇ ਦੀ, ਭਵਿੱਖ ਦੀਆਂ ਚਿੰਤਾਵਾਂ ਨੂੰ ਪ੍ਰਗਟ ਕਰਦੀ ਕਹਾਣੀ ਨੇ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ।ਇਸ ਉਪਰੰਤ ਅਵਤਾਰ ਸਿੰਘ ਉਟਾਲ ਨੇ ਗੀਤ ‘ਮੁੜ ਆ ਅਮਰੀਕਾ ਤੋਂ’ ਸੁਣਾਇਆ।ਹਰਬੰਸ ਮਾਲਵਾ ਨੇ ਗੀਤ ‘ਜਦ ਵੀ ਤੈਨੂੰ ਖਤ ਲਿਖਦੇ ਹਾਂ’ ਸੁਣਾ ਕੇ ਵਾਹ ਵਾਹ ਖੱਟੀ।ਪ੍ਰੋੜ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕਹਾਣੀ ‘ਡੇਕ’ ਸੁਣਾਈ ਜੋ ਕਿ ਚਰਚਾ ਦਾ ਵਿਸ਼ਾ ਰਹੀ।ਇਸ ਤੋਂ ਬਾਅਦ ਪੰਮੀ ਹਬੀਬ ਨੇ ਮਿੰਨੀ ਕਹਾਣੀ ‘ਝੋਲੀ ਫੁੱਲ’ ਸੁਣਾਈ।ਡਾ. ਯੋਗਰਾਜ ਨੇ ਸਾਹਿਤ ਸਭਾ ਸਮਰਾਲਾ ਦੀ ਪੰਜਾਬ ਭਰ ਵਿੱਚ ਹੁੰਦੀ ਪ੍ਰਸੰਸਾ ਬਾਰੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਨਾਮਵਰ ਕਹਾਣੀਕਾਰ ਇਸ ਸਭਾ ਵਿੱਚ ਆਪਣੀ ਕਹਾਣੀ ਪੜ੍ਹਨਾ ਮਾਣ ਵਾਲੀ ਗੱਲ ਸਮਝਦੇ ਹਨ। ਜਿਸ ਤਰ੍ਹਾਂ ਦੀ ਖੁੱਲ ਕੇ ਵਿਚਾਰ ਚਰਚਾ ਮੀਟਿੰਗ ਦੌਰਾਨ ਰਚਨਾਵਾਂ ‘ਤੇ ਹੁੰਦੀ ਹੈ, ਅਜਿਹੀਆਂ ਚਰਚਿਤ ਮੀਟਿੰਗਾਂ ਵਾਲੀਆਂ ਸਭਾਵਾਂ ਪੰਜਾਬ ਵਿੱਚ ਕਾਫੀ ਘਟ ਰਹੀਆਂ ਹਨ ਅਤੇ ਨਵੇਂ ਕਹਾਣੀਕਾਰਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਦਾ ਵੀ ਸੁਝਾਅ ਦਿੱਤਾ।ਇਸ ਉਪਰੰਤ ਅਨਿਲ ਫਤਿਹਗੜ੍ਹ ਜੱਟਾਂ ਨੇ ਗੀਤ ‘ਅਸੀਂ ਤਾਂ ਇੱਟਾਂ ਹਾਂ’ ਸੁਣਾਇਆ।ਪਰਮਿੰਦਰ ਪ੍ਰੇਮ ਨੇ ਕਵਿਤਾ ‘ਗੱਬਰ ਕੀ ਵਾਪਸੀ’ ਸੁਣਾਈ।ਰਵਿੰਦਰ ਰੁਪਾਲ ਕੋਲਗੜ੍ਹ ਨੇ ਕਹਾਣੀ ‘ਭੁੱਬਲ ਦੀ ਅੱਗ’ ਸੁਣਾਈ। ਇਨ੍ਹਾਂ ਰਚਨਾਵਾਂ ‘ਤੇ ਵਧੀਆ ਤਰੀਕੇ ਨਾਲ ਚਰਚਾ ਹੋਈ, ਚਰਚਾ ਵਿੱਚ ਭਾਗ ਲੈਣ ਵਾਲਿਆਂ ਸਭਾ ਦੇ ਚੇਅਰਮੈਨ ਸੁਖਜੀਤ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਕਹਾਣੀਕਾਰ ਜਤਿੰਦਰ ਹਾਂਸ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰਾ ਯਤਿੰਦਰ ਕੌਰ ਮਾਹਲ, ਕਹਾਣੀਕਾਰ ਮਨਦੀਪ ਡਡਿਆਣਾ, ਦਲਜਿੰਦਰ ਰਹਿਲ ਇਟਲੀ, ਲਾਲ ਮਿਸਤਰੀ, ਗੁਰਭਗਤ ਸਿੰਘ, ਦਰਸ਼ਨ ਸਿੰਘ ਕੰਗ, ਗੁਰਨਾਮ ਸਿੰਘ ਬਿਜਲੀ, ਦੀਪ ਦਿਲਬਰ, ਸਿਮਰਜੀਤ ਸਿੰਘ ਕੰਗ, ਬਲਵੰਤ ਮਾਂਗਟ, ਜਪਲੀਨ ਕੌਰ, ਗੁਰਦੀਪ ਮਹੌਣ, ਸੁਖਦੇਵ ਸਿੰਘ, ਸਿੰਕਦਰ ਸਿੰਘ, ਗਗਨਦੀਪ ਆਦਿ ਸ਼ਾਮਲ ਸਨ।
ਅਖੀਰ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media