ਆਲਓਵਰ ਟਰਾਫੀ ‘ਤੇ ਹੋਇਆ ਸੈਂਟਰ ਸਮਰਾਲਾ (ਲੜਕੀਆਂ) ਦਾ ਕਬਜ਼ਾ
ਸਮਰਾਲਾ, 19 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਸ਼ਾ ਰਾਣੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਰਾਲਾ ਅਤੇ ਸੰਤੋਸ਼ ਕੁਮਾਰੀ ਬਲਾਕ ਖੇਡ ਅਫ਼ਸਰ ਸਮਰਾਲਾ ਦੀ ਯੋਗ ਅਗਵਾਈ ਅਤੇ ਸੈਂਟਰ ਇੰਚਾਰਜ਼ ਕੋਟਾਲਾ ਪੁਸ਼ਪਿੰਦਰ ਸਿੰਘ ਦੀ ਯੋਗ ਪ੍ਰਬੰਧਾਂ ਹੇਠਾਂ ਬਲਾਕ ਪੱਧਰੀ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿਖੇ ਕਰਵਾਈਆਂ ਗਈਆਂ।ਇਹਨਾਂ ਖੇਡਾਂ ਵਿੱਚ ਸਮਰਾਲਾ ਬਲਾਕ ਦੇ ਲਗਭਗ 55 ਸਕੂਲਾਂ ਦੇ 550 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਗੜ੍ਹ ਦੇ ਖਿਡਾਰੀਆਂ ਨੇ ਮਾਸਟਰ ਗੁਰਸ਼ਰਨ ਸਿੰਘ ਦੁਆਰਾ ਦਿੱਤੀ ਯੋਗ ਸਿਖਲਾਈ ਅਤੇ ਮਿਹਨਤ ਸਦਕਾ ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ।ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ (ਲੜਕੀਆਂ) ਪਹਿਲਾ ਸਥਾਨ, ਕੁਸ਼ਤੀ 28 ਕਿਲੋ ਜੈ ਕਿਸ਼ਨ ਪਹਿਲਾ ਸਥਾਨ, ਕੁਸ਼ਤੀ 30 ਕਿਲੋ ਮੰਨਤ ਪਹਿਲਾ ਸਥਾਨ, ਰਿਲੇਅ ਦੌੜ (ਲੜਕੇ/ਲੜਕੀਆਂ) ਦੂਜਾ ਸਥਾਨ, 100 ਮੀਟਰ (ਲੜਕੇ) ਮੰਨਤ ਦੂਜਾ ਸਥਾਨ, 400 ਮੀਟਰ (ਲੜਕੀਆਂ) ਕਵਿਤਾ ਦੂਜਾ ਸਥਾਨ, 400 ਮੀਟਰ (ਲੜਕੇ) ਮੰਨਤ ਤੀਜਾ ਸਥਾਨ, ਲੰਬੀ ਛਾਲ (ਲੜਕੀਆਂ) ਕਵਿਤਾ ਤੀਜਾ ਸਥਾਨ, 600 ਮੀਟਰ (ਲੜਕੀਆਂ) ਕਵਿਤਾ ਦੂਜਾ ਸਥਾਨ, ਰੱਸਾਕਸ਼ੀ ਪ੍ਰਭਨੂਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਖਿਡਾਰੀਆਂ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਦੀਪ ਕੌਰ ਹੈਡ ਟੀਚਰ ਈ.ਟੀ.ਟੀ ਅਧਿਆਪਕ ਗੁਰਸ਼ਰਨ ਸਿੰਘ ਅਤੇ ਬਬੀਤਾ ਰਾਣੀ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।