ਅਮ੍ਰਿਤਸਰ, 29 ਅਕਤੂਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ “ਭਾਸ਼ਾ, ਸਾਹਿਤ ਅਤੇ ਸਮਾਜ ਦੀ
ਬੇਹਤਰੀ ਵਿਚ ਸਾਹਿਤਕ ਪੱਤਰਕਾਰੀ ਦਾ ਯੋਗਦਾਨ” ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ ਅਤੇ ਪੰਜਾਬੀ ਦੇ ਬਹੁ-ਮਿਆਰੀ ਸਾਹਿਤਕ ਰਸਾਲੇ `ਹੁਣ` ਦਾ 45ਵਾਂ ਅੰਕ ਲੋਕ ਅਰਪਿਤ ਕੀਤਾ ਗਿਆ।
ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ `ਹੁਣ` ਨੂੰ ਕੇਂਦਰ ਬਿੰਦੂ ਰੱਖ ਕੇ ਕਿਹਾ ਕਿ ਉਤਮ ਦਰਜੇ ਦਾ ਲੋਕ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇਕ ਤੰਦ ਵਿਚ ਪਰੋਣ ਲਈ ਸਾਹਿਤਕ ਰਸਾਲੇ ਸਭ ਤੋਂ ਸਹੀ ਜ਼ਰੀਆ ਹਨ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ. ਡਾ ਮਹਿਲ ਸਿੰਘ ਨੇ ਕਿਹਾ ਕਿ ਜਿਥੇ `ਹੁਣ` ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ, ਉਥੇ ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ, ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿੱਚ ਸਹਾਈ ਹੁੰਦੇ ਹਨ।`ਹੁਣ` ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦੱਸਿਆ ਕਿ ਉਹਨਾਂ ਵਲੋਂ ਡਾ. ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਕੰਵਲ, ਪ੍ਰੋ. ਅਜਮੇਰ ਔਲਖ, ਬਾਬਾ ਨਜ਼ਮੀ, ਸੁਰਜੀਤ ਪਾਤਰ ਅਤੇ ਗੁਰਭਜਨ ਗਿੱਲ ਆਦਿ ਸਥਾਪਿਤ ਸਾਹਿਤਕਾਰਾਂ ਦੀਆਂ ਅਦਬੀ ਮੁਲਾਕਾਤਾਂ ਦੇ ਲੜੀਵਾਰ ਸਿਲਸਿਲੇ ਨੇ ਪਾਠਕਾਂ ਨੂੰ ਇਹਨਾਂ ਸਾਹਿਤਕਾਰਾਂ ਦੀ ਜੀਵਨ ਸ਼ੈਲੀ ਅਤੇ ਲਿਖਣ ਸ਼ੈਲੀ ਨੂੰ ਹੋਰ ਨੇੜਿਉਂ ਸਮਝਣ ਦਾ ਸਬੱਬ ਪੈਦਾ ਕੀਤਾ ਹੈ।
ਡਾ. ਸੁਖਬੀਰ ਕੌਰ ਮਾਹਲ ਅਤੇ ਸੂਫੀ ਸ਼ਾਇਰ ਬਖਤਾਵਰ ਸਿੰਘ ਨੇ ਕਿਹਾ ਕਿ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਵੀ ਰੱਖਦੇ ਹਨ।ਡਾ. ਆਤਮ ਰੰਧਾਵਾ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ-ਨਾਲ ਬਹੁਮੁੱਲੀਆਂ ਇਨਸਾਨੀ ਕਦਰਾਂ ਕੀਮਤਾਂ ਨਾਲ ਵੀ ਜੋੜਦੇ ਹਨ।ਮੱਖਣ ਕੁਹਾੜ ਅਤੇ ਗੁਰਮੀਤ ਸਿੰਘ ਬਾਜਵਾ ਨੇ ਦੱਸਿਆ ਕਿ ਲੇਖਕ ਦੀ ਸਥਾਪਤੀ ਅਤੇ ਭਾਸ਼ਾ ਦੀ ਤਰੱਕੀ ਲਈ ‘ਹੁਣ’ ਵਰਗੇ ਰਸਾਲੇ ਵੱਡਾ ਯੋਗਦਾਨ ਪਾਉਂਦੇ ਹਨ।
ਡਾ. ਸੀਮਾ ਗਰੇਵਾਲ ਅਤੇ ਕਮਲ ਦੁਸਾਂਝ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਿਆਰੀ ਅਤੇ ਲੋਕ ਪੱਖੀ ਸਾਹਿਤ ਨਾਲ `ਹੁਣ` ਦਾ ਪੰਜਾਬੀ ਸਾਹਿਤ ਵਿੱਚ ਗੌਲਣਯੋਗ ਸਥਾਨ ਹੈ।ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਧੰਨਵਾਦ ਕੀਤਾ।
ਇਸ ਸਮੇਂ ਕੋਮਲ ਸਹਿਦੇਵ, ਨਵਦੀਪ ਕੁਮਾਰ ਹਰਜੀਤ ਸਿੰਘ ਸੰਧੂ, ਮਨਮੋਹਨ ਸਿੰਘ ਢਿੱਲੋਂ, ਮੋਹਨ, ਡਾ. ਕਸ਼ਮੀਰ ਸਿੰਘ, ਪ੍ਰਿੰ. ਰਘਬੀਰ ਸਿੰਘ ਸੋਹਲ, ਬਲਜਿੰਦਰ ਮਾਂਗਟ, ਜਸਵੰਤ ਧਾਪ, ਮੱਖਣ ਭੈਣੀਵਾਲਾ, ਕਪੂਰ ਸਿੰਘ ਘੁੰਮਣ, ਪਰਮਜੀਤ ਕੌਰ, ਪੂਨਮ ਸ਼ਰਮਾ, ਤ੍ਰਿਪਤਾ ਮੈਡਮ, ਬਲਜਿੰਦਰ ਕੌਰ, ਮੀਨਾਕਸ਼ੀ, ਦਮੋਦਰ ਸ਼ਰਮਾ, ਜਗਮੋਹਣ ਸ਼ਰਮਾ ਅਤੇ ਗੀਤਾ ਆਦਿ ਹਾਜ਼ਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media