Thursday, January 2, 2025

ਅੰਮ੍ਰਿਤਸਰ ਵਿਖੇ ਟੂਰਿਜ਼ਮ ਲਈ ਸਵਦੇਸ਼ ਦਰਸ਼ਨ ਪ੍ਰੋਜੈਕਟ ਤਹਿਤ ਖਰਚੇ ਜਾਣਗੇ 100 ਕਰੋੜ – ਕੇਂਦਰੀ ਰਾਜ ਮੰਤਰੀ ਟੂਰਿਜ਼ਮ

ਜੰਡਿਆਲਾ ਗੁਰੂ ਦੀ ਠਠਿਆਰ ਮੰਡੀ ਦੀ ਕੀਤੀ ਜਾਵੇ ਸਾਂਭ-ਸੰਭਾਲ ਤੇ ਅਟਾਰੀ ਵਿਖੇ ਲੱਗੇ ਟਰੱਕ ਸਕੈਨਰ – ਈ.ਟੀ.ਓ

ਅੰਮ੍ਰਿਤਸਰ 29 ਅਕਤੂਬਰ (ਸੁਖਬੀਰ ਸਿੰਘ) – ਬੀਤੀ ਸ਼ਾਮ ਅੰਮਿ੍ਰਤਸਰ ਟੂਰਿਜ਼ਮ ਵਿਚ ਹੋਰ ਵਾਧੇ ਲਈ ਸੰਭਵਨਾਂ ਨੂੰ ਤਲਾਸ਼ਣ ਲਈ ਕੇਂਦਰੀ ਰਾਜ ਮੰਤਰੀ ਟੂਰਿਜ਼ਮ ਅਤੇ ਰੱਖਿਆ ਮੰਤਰੀ ਸ੍ਰੀ ਅਜੈ ਭੱਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅੰਮਿ੍ਰਤਸਰ ਵਿੱਚ ਸਵਦੇਸ਼ ਦਰਸ਼ਨ ਪ੍ਰੋਜੈਕਟ ਤਹਿਤ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ 100 ਕਰੋੜ ਰੁਪਏ ਖਰਚੇ ਜਾਣਗੇ।ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਸਵਦੇਸ਼ ਦਰਸ਼ਨ ਪ੍ਰੋਜੈਕਟ ਅਤੇ ਪ੍ਰਸ਼ਾਦ ਪ੍ਰੋਜੈਕਟ ਤਹਿਤ ਟੂਰਿਜ਼ਮ ਕੇਂਦਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਲੜੀ ਤਹਿਤ ਅੰਮਿ੍ਰਤਸਰ ਵਿੱਖੇ ਟੂਰਿਜ਼ਮ ਨੂੰ ਹੋਰ ਵਿਕਸਿਤ ਕਰਨ ਲਈ ਕਦਮ ਪੁੱਟੇ ਜਾ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਯੋਜਨਾ ਉਲੀਕ ਕੇ ਸਾਨੂੰ ਭੇਜੇ ਅਤੇ ਸਾਡੇ ਵਲੋਂ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਅਜੈ ਭੱਟ ਨੇ ਕਿਹਾ ਕਿ ਟੂਰਿਜ਼ਮ ਨਾਲ ਹੀ ਅਸੀਂ ਆਪਣੀ ਆਰਥਿਕਤਾ ਵਿੱਚ ਸੁਧਾਰ ਲਿਆ ਸਕਦੇ ਹਾਂ।ਉਨਾਂ ਕਿਹਾ ਕਿ ਸਾਨੂੰ ਦਲਗਤ ਰਾਜਨੀਤੀ ਤੋਂ ਉਪਰ ਉਠ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਮਿੱਲਜੁਲ ਕੇ ਲੜਾਈ ਕਰਨੀ ਚਾਹੀਦੀ ਹੈ।
ਕੇਂਦਰੀ ਰਾਜ ਮੰਤਰੀ ਵਲੋਂ ਸ਼ਹਿਰ ਦੇ ਹੋਟਲ ਅਤੇ ਟੂਰਜ਼ ਐਂਡ ਟਰੈਵਲਜ਼ ਏਜੰਟਾਂ ਦੇ ਪ੍ਰਤੀਨੀਧੀਆਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਤੁਹਾਡੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੂ ਇਕ ਦਿਨ ਲਈ ਹੀ ਆਉਂਦਾ ਹੈ ਅਤੇ ਜਿਨਾਂ ਵਿਚੋਂ ਜਿਅਦਾ ਬਜ਼ੁਰਗ ਹੁੰਦੇ ਹਨ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਮਿ੍ਰਤਸਰ ਵਿੱਚ ਇਕ ਥੀਮ ਪਾਰਕ ਉਸਾਰਿਆ ਜਾਵੇ ਤਾਂ ਜੋ ਨੌਜਵਾਨ ਅਤੇ ਬੱਚੇ ਵੀ ਜ਼ਿਆਦਾ ਆ ਸਕਣ ਅਤੇ ਇਸਦੇ ਨਾਲ ਨਾਲ ਹਰੀਕੇ ਵੈਟਲੈਂਡ, ਕਾਂਜ਼ਲੀ ਵੈਟਲੈਂਡ ਅਤੇ ਕਾਲੀ ਵੇਂਈ ਨੂੰ ਹੋਰ ਜ਼ਿਆਦਾ ਵਿਕਸਿਤ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਯਾਤਰੂਆਂ ਲਈ ਜਿਲ੍ਹੇ ਵਿੱਚ ਇਕ ਗੋਲਫ਼ ਕਲੱਬ ਵੀ ਬਣਾਇਆ ਜਾਣਾ ਚਾਹੀਦਾ ਹੈ।
ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅੰਮ੍ਰਿਤਸਰ ਇਕ ਧਾਰਮਿਕ ਕੇਂਦਰ ਹੋਣ ਦੇ ਨਾਲ ਨਾਲ ਵਪਾਰਕ ਕੇਂਦਰ ਵੀ ਸੀ ਅਤੇ ਅਫ਼ਗਾਨਿਸਤਾਨ ਤੱਕ ਵਪਾਰ ਇਸੇ ਹੀ ਰਸਤੇ ਤੋਂ ਹੁੰਦਾ ਸੀ।ਉਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਇਟਾਂ ਹੋਣੀਆਂ ਚਹੀਦੀਆਂ ਹਨ ਅਤੇ ਅੰਮਿ੍ਰਤਸਰ ਨੂੰ ਮੈਡੀਕਲ ਟੂਰਿਜ਼ਮ ਦੇ ਹੱਬ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਕ ਹਫ਼ਤੇ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਯਾਤਰੂ ਇਥੇ ਆ ਸਕਣ।
ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਜੰਡਿਆਲਾ ਗੁਰੂ ਵਿਖੇ ਇਤਿਹਾਸਿਕ ਅਤੇ ਸਭ ਤੋਂ ਪੁਰਾਤਨ ਠਠਿਆਰ ਮੰਡੀ ਨੂੰ ਸਾਂਭ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣੂ ਕਰਵਾਇਆ ਜਾ ਸਕੇ।ਈ.ਟੀ.ਓ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅੰਮ੍ਰਿਤਸਰ ਵਿੱਚ ਰੀਗੋ ਪੁੱਲ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੈ ਅਤੇ ਇਸ ਨੂੰ ਨਵਉਸਾਰਿਆ ਜਾਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਅਟਾਰੀ ਵਿੱਖੇ ਟਰੱਕ ਸਕੈਨਰ ਵੀ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਗੈਰਕਾਨੂੰਨੀ ਸਮਾਨ ਨਾ ਆ ਸਕੇ।
ਇੰਦਰਬੀਰ ਸਿੰਘ ਨਿੱਜ਼ਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਟੂਰਿਜ਼ਮ ਲਈ ਸਪੈਸ਼ਲ ਫੰਡਜ਼ ਦਿੱਤੇ ਜਾ ਰਹੇ ਹਨ।ਉਨਾਂ ਕੇਂਦਰੀ ਰਾਜ ਮੰਤਰੀ ਨੂੰ ਕਿਹਾ ਕਿ ਅੰਮਿ੍ਰਤਸਰ ਪੱਟੀ ਮੱਖੂ ਦੇ ਲਿੰਕ ਜਲਦ ਬਣਾਉਣਾ ਚਾਹੀਦਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਯਾਤਰੂ ਅੰਮ੍ਰਿਤਸਰ ਵਿਖੇ ਆ ਸਕਦੇ ਹਨ।ਉਨਾਂ ਕਿਹਾ ਕਿ ਜਿਲ੍ਹੇ ਅੰਦਰ ਟੂਰਿਜ਼ਮ ਨੂੰ ਵਧਾਉਣ ਲਈ ਪੁਰਾਣੀਆਂ ਅਤੇ ਇਤਿਹਾਸਕ ਇਮਾਰਤਾਂ ਨੂੰ ਵਿਕਸਿਤ ਕਰਨ ਲੋੜ ਹੈ।ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੇ ਹੋਰ ਸੁਵਿਧਾਵਾਂ ਦੀ ਲੋੜ ਹੈ ਅਤੇ ਇਥੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਈਟਾਂ ਚਲਾਏ ਜਾਣ ਤੇ ਜ਼ੋਰ ਦਿੱਤਾ।
ਵਿਧਾਇਕ ਜਸਵਿੰਦਰ ਸਿੰਘ ਏ.ਡੀ.ਸੀ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅਟਾਰੀ ਵਿਖੇ ਰੋਜ਼ਾਨਾ ਕਰੀਬ 30 ਹਜ਼ਾਰ ਤੋਂ ਵੱਧ ਯਾਤਰੂ ਰੀਟਰੀਟ ਸੈਰਾਮਨੀ ਵੇਖਣ ਆਉਂਦੇ ਹਨ, ਜੇਕਰ ਅਟਾਰੀ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਯਾਤਰੂਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਕੇਂਦਰੀ ਰਾਜ ਮੰਤਰੀ ਅਜੈ ਭੱਟ ਨੇ ਭਰੋਸਾ ਦਿੱਤਾ ਕਿ ਉਨਾਂ ਵਲੋਂ ਦਸੇ ਗਏ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵਲੋਂ ਜਲਦੀ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਡਾਇਰੈਕਟਰ ਟੂਰਿਜ਼ਮ ਕਰਨੀਸ਼ ਸ਼ਰਮਾ, ਐਸ.ਡੀ.ਐਮ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ, ਸ੍ਰੀ ਸਚਿਨ ਪਾਠਕ, ਸਹਾਇਕ ਡਾਇਰੈਕਟਰ ਟੂਰਿਜ਼ਮ ਭਾਰਤ ਸਰਕਾਰ ਸੰਦੀਪ ਸ਼ੁਕਲਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

 

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ‘ਤੇ ਵਿਸ਼ੇਸ਼ ਹਵਨ ਯੱਗ

ਅੰਮ੍ਰਿਤਸਰ, 1 ਜਨਵਰੀ 2025 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਨਵੇਂ ਸਾਲ ਦੇ ਪਹਿਲੇ …