
ਅੰਮ੍ਰਿਤਸਰ, 9 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਹੀ ਹੈ ਉੱਥੇ ਵਿੱਦਿਆ ਦੇ ਖੇਤਰ ਵਿੱਚ ਵੀ ਮੋਹਰੀ ਰੋਲ ਨਿਭਾ ਰਹੀ ਹੈ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੇ ਮਿਆਰੀ ਵਿੱਦਿਆ ਪ੍ਰਧਾਨ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਡਾਇਰੈਕਟੋਰੇਟ ਚੰਡੀਗੜ੍ਹ ਸਥਾਪਿਤ ਕਰਨ ਦੇ ਨਾਲ-ਨਾਲ ਵੱਡੇ ਪੱਧਰ ਤੇ ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ,ਸੀਨੀਅਰ ਸੈਕੰਡਰੀ ਸਕੂਲ ਆਦਿ ਖੋਲ ਕੇ ਆਪਣੀ ਸੁਖਮ ਜਿੰਮੇਵਾਰੀ ਨੂੰ ਬਾਖੁਬੀ ਨਿਭਾ ਰਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਵਿਰਸਾ ਸਿੰਘ ਵਲਟੋਹਾ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਸ਼ੌਮਣੀ ਕਮੇਟੀ ਦੇ ਡਾਇਰੈਕਟੋਰੇਟ ਵਲੋਂ ਕਰਵਾਈਆਂ ਜਾ ਰਹੀਆਂ ਖ਼ਾਲਸਾਈ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਦੀ ਹੋਸਲਾ ਅਫ਼ਜਾਈ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ‘ਚ ਸ਼੍ਰੋਮਣੀ ਕਮੇਟੀ ਆਪਣੇ ਸਕੂਲਾਂ ‘ਚ ਬੱਚਿਆਂ ਨੂੰ ਜਿੱਥੇ ਮਿਆਰੀ ਵਿੱਦਿਆ ਪ੍ਰਧਾਨ ਕਰ ਰਹੀ ਹੈ ਉਥੇ ਵਿੱਦਿਆਰਥੀਆਂ ਨੂੰ ਨਸ਼ਾ-ਖੋਰੀ ਤੇ ਪਤਿਤ-ਪੁਣੇ ਤੋਂ ਦੂਰ ਰਖਦੇ ਹੋਏ ਨਿਰੋਏ ਸਮਾਜ ਲਈ ਵਿਦਿਆਰਥੀਆਂ ਨੂੰ ਰਿਸ਼ਟ ਪੁਸ਼ਟ ਰਖਣ ਲਈ ਖ਼ਾਲਸਾਈ ਖੇਡਾਂ ਕਰਵਾ ਰਹੀ ਹੈ।ਜਿਸ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦਾ ਸਮੁੱਚਾ ਸਟਾਫ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਅੱਗੇ ਲੈਜਾਣ ਲਈ ਇਨਸਾਨ ਨੂੰ ਚੰਗੇ ਗੁਣਾ ਦਾ ਧਾਰਨੀ ਹੋਣਾ ਜਰੂਰੀ ਹੈ ਇਹ ਚੰਗੇ ਗੁਣ ਤਾਂ ਹੀ ਪ੍ਰਾਪਤ ਹੋ ਸਕਦੇ ਹਨ ਜੇਕਰ ਨਸ਼ਾ-ਖੋਰੀ ਤੇ ਪਤਿਤ ਪੁਣੇ ਤੋਂ ਦੂਰ ਰਿਹਾ ਜਾਵੇ ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪਤਿਤ ਹੋਣ ਕਰਕੇ ਇਸ ਵਾਰ ਇਨ੍ਹਾਂ ਖੇਡਾਂ ‘ਚ ਹਿੱਸਾ ਨਹੀ ਲੈ ਸਕੇ ਉਹ ਵੀ ਅਗਲੀ ਵਾਰ ਸਾਬਤ ਸੂਰਤ ਹੋ ਕੇ ਗੁਰੂ ਦੀ ਸ਼ਰਨ ‘ਚ ਆਉਣ ਤੇ ਖ਼ਾਲਸਾਈ ਖੇਡਾਂ ‘ਚ ਹਿੱਸਾ ਲੈਣ। ਇਸ ਮੌਕੇ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾ ਪ੍ਰਿ. ਬਲਵਿੰਦਰ ਸਿੰਘ ਡਾਇਰੈਕਟਰ ਸਪੋਰਟਸ ਨੇ ਖ਼ਾਲਸਾਈ ਖੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਸ. ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਨੇ ਆਏ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਸਿਰੋਪਾਓ, ਲੋਈ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸ. ਕੁਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਸ. ਸੁਖਬੀਰ ਸਿੰਘ ਇੰਚਾਰਜ ਟਰੱਸਟ ਪ੍ਰਿ. ਗੁਰਪ੍ਰੀਤ ਸਿੰਘ, ਪ੍ਰਿ. ਦਲਬਾਗ ਸਿੰਘ, ਸ. ਅਰਜਨ ਸਿੰਘ ਤੇ ਸ. ਤਜਿੰਦਰ ਸਿੰਘ ਸੁਪਰਵਾਈਜਰ, ਮੈਡਮ ਹਰਪ੍ਰੀਤ ਕੌਰ, ਮੈਡਮ ਰਾਜਵਿੰਦਰ ਕੌਰ,ਮੈਡਮ ਵੰਦਨਾ ਬਾਂਸਲ, ਮੈਡਮ ਗੀਤੂ ਜੌਲੀ ਆਦਿ ਹਾਜ਼ਰ ਸਨ।
Punjab Post Daily Online Newspaper & Print Media