
ਜਲੰਧਰ, 20 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪਹਿਲੇ ਤੇ ਦੂਜੇ ਸਥਾਨ ‘ਤੇ ਰਹਿਣ ਵਾਲੇ 30 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ‘ਸਮਾਜਿਕ ਕੁਰੀਤੀਆਂ’ ਵਿਸ਼ੇ ‘ਤੇ ਕਰਵਾਏ ਗਏ ਇਸ ਭਾਸ਼ਣ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਭਰੂਣ ਹੱਤਿਆ, ਦਹੇਜ, ਨਸ਼ੇ ਅਤੇ ਨਕਲ ਆਦਿ ਜਿਹੀਆਂ ਸਮਾਜਿਕ ਕੁਰੀਤੀਆਂ ‘ਤੇ ਆਪਣੇ ਵਿਚਾਰ ਪ੍ਰਗਟਾਏ।
ਇਸ ਮੁਕਾਬਲੇ ਵਿਚ ਨਹਿਰੂ ਗਾਰਡਨ ਸੀਨੀਅਰ ਸੈਕੰਡਰੀ ਸਕੂਲ ਦੀ ਸੁਖਮਨਪ੍ਰੀਤ ਕੌਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੀ ਪ੍ਰਭਦੀਪ ਕੌਰ ਨੂੰ ਪਹਿਲਾ, ਸਰਕਾਰੀ ਮਾਡਲ ਸੀਨੀਅਰ ਸਕੂਲ ਲਾਡੋਵਾਲੀ ਰੋਡ ਜਲੰਧਰ ਦੇ ਰੋਹਿਤ ਵਰਮਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਦੀ ਮਾਨਸੀ ਨੂੰ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਦੇਸ ਰਾਜ ਦੀ ਰਮਨਦੀਪ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੀ ਮਿਤਾਲੀ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸ ਮੌਕੇ ਡੀ. ਪੀ. ਆਰ. ਓ ਜਲੰਧਰ ਸ੍ਰੀ ਗੁਰਮੀਤ ਸਿੰਘ, ਕਰਨਲ ਮਨਮੋਹਨ ਸਿੰਘ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ ਨੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਸਹੋਤਾ ਰੰਧਾਵਾ, ਵਾਈਸ ਪ੍ਰਿੰਸੀਪਲ ਮੰਗਜੀਤ ਕੌਰ ਅਤੇ ਸ੍ਰੀ ਰਵਿੰਦਰਪਾਲ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਇਹ ਵਿਦਿਆਰਥੀ 15 ਅਤੇ 16 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਲੱਗਣ ਵਾਲੇ ਕੈਰੀਅਰ ਮੇਲੇ ਦੌਰਾਨ ਵੀ ਆਪਣੀ ਭਾਸ਼ਣ ਕਲਾ ਦਾ ਮੁਜ਼ਾਹਰਾ ਕਰਨਗੇ ਅਤੇ ਇਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।
Punjab Post Daily Online Newspaper & Print Media