ਫ਼ਾਊਂਡੇਸ਼ਨ ਯੋਗ ਅਧਿਆਪਕਾਂ ਨੂੰ ਐਵਾਰਡ ਤੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਕਰ ਰਹੀ ਮਹਾਨ ਕਾਰਜ – ਮਜੀਠੀਆ
ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਪ੍ਰਧਾਨ ਸੱਤਿਆਜੀਤ
ਸਿੰਘ ਮਜੀਠੀਆ ਨੂੰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ ਵਜੋਂ ਕ੍ਰਮਵਾਰ 5 ਲੱਖ, 3 ਲੱਖ ਅਤੇ 1 ਲੱਖ ਦਾ ਚੈਕ ਭੇਟ ਕੀਤਾ ਗਿਆ।ਇਹ ਚੈਕ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਐਜ਼ੂਕੇਸ਼ਨ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੀ ਮੌਜ਼ੂਦਗੀ ’ਚ ਗੁਰੂ ਨਾਨਕ ਸਿੱਖਿਆ ਸੇਵਾ ਸੋਸਾਇਟੀ ਚੀਚਾ (ਅੰਮ੍ਰਿਤਸਰ) ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਵਲੋਂ ਮਜੀਠੀਆ ਨੂੰ ਸੌਂਪਿਆ ਗਿਆ।
ਮਜੀਠੀਆ ਨੇ ਕਿਹਾ ਕਿ ਫ਼ਾਊਂਡੇਸ਼ਨ ਸਿੱਖਿਆ ਦੇ ਪ੍ਰਸਾਰ ਲਈ ਸ਼ਲਾਘਾਯੋਗ ਕਾਰਜ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਫਾਊਡੇਂਸਨ ਦੇ ਸਹਿਯੋਗ ਨਾਲ ਸੇਵਾ ਸੋਸਾਇਟੀ ਵੱਲੋਂ ਸਮੇਂ-ਸਮੇਂ ’ਤੇ ਯੋਗ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾਂਦੇ ਐਵਾਰਡ ਸਮਾਗਮ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਮਹਾਨ ਕਾਰਜ ਹੈ, ਜੋ ਕਿ ਬਹੁਤ ਸਲਾਹੁਣਯੋਗ ਹੈ।
ਛੀਨਾ ਨੇ ਯੋਗ ਵਿਦਿਆਰਥਣਾਂ ਲਈ ਰਾਹਤ ਵਜੋਂ ਦਿੱਤੇ ਗਏ ਉਕਤ ਚੈਕ ਸਬੰਧੀ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਵੱਡੇ ਪੱਧਰ ’ਤੇ ਪ੍ਰਦਾਨ ਕੀਤੀ ਗਈ ਹੈ ਅਤੇ ਸਾਲਾਨਾ ਦਿੱਤੀ ਜਾਣ ਵਾਲੀ ਸਹਾਇਤਾ ਦੀ ਇਹ ਪਹਿਲੀ ਕਿਸ਼ਤ ਚੈਕਾਂ ਰਾਹੀਂ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਵਲੋਂ ਡਾ. ਸਰਬਜੀਤ ਸਿੰਘ ਦੁਆਰਾ ਉਕਤ ਦੋਹਾਂ ਕਾਲਜਾਂ ਅਤੇ ਸਕੂਲ ਦੀ ਕੁੱਲ ਬਣਦੀ ਰਕਮ 9 ਲੱਖ ਰੁਪਏ ਚੈਕਾਂ ਦੇ ਰੂਪ ਦਿੱਤੀ ਗਈ ਹੈ।ਉਨਾਂ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਫ਼ਾਊਂਡੇਸ਼ਨ ਦਾ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ।
Punjab Post Daily Online Newspaper & Print Media