Monday, June 2, 2025
Breaking News

ਕੈਬਨਿਟ ਮੰਤਰੀ ਚੀਮਾ ਵਲੋਂ ਸੰਗਰੂਰ ਵਿਖੇ 66ਵੀਆਂ ਪੰਜਾਬ ਰਾਜ ਸਕੂਲ ਐਥਲੈਟਿਕਸ ਖੇਡਾਂ ਦਾ ਸ਼ਾਨਦਾਰ ਆਗਾਜ਼

ਪੰਜਾਬ ਦੇ 23 ਜ਼ਿਲ੍ਹਿਆਂ ਦੇ ਵੱਡੀ ਗਿਣਤੀ ਖਿਡਾਰੀ ਲੈ ਰਹੇ ਹਨ ਹਿੱਸਾ

ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ 66ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਤਹਿਤ ਐਥਲੈਟਿਕਸ ਖੇਡ ਮੁਕਾਬਲਿਆਂ ਦਾ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਕੀਤਾ ਗਿਆ।ਉਨ੍ਹਾਂ ਇਸ ਤਿੰਨ ਰੋਜ਼ਾ ਖੇਡ ਮਹਾਂਕੁੰਭ ਵਿੱਚ ਰਾਜ ਭਰ ਤੋਂ ਹਿੱਸਾ ਲੈਣ ਪੁੱਜੀਆਂ ਖਿਡਾਰਨਾਂ ਨੂੰ ਨੇੜ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਤਹਿਤ ਸਰਕਾਰ ਵਲੋਂ ਖੇਡਾਂ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਤੌਰ `ਤੇ ਬਜ਼ਟ ਰੱਖਿਆ ਗਿਆ ਸੀ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦਾ ਮਿਆਰ ਉਚਾ ਚੁੱਕਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਹਾਲ ਹੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਖੇਡਾਂ ਨਾਲ ਜੋੜਨ ਦਾ ਸਫਲ ਉਪਰਾਲਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਵਜੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਜਿੱਤ ਦੇ ਝੰਡੇ ਲਹਿਰਾਉਣ ਵਿੱਚ ਹੋਰ ਮੋਹਰੀ ਭੂਮਿਕਾ ਨਿਭਾਅ ਸਕਣ।
ਇਸ ਤੋਂ ਪਹਿਲਾਂ ਚੀਮਾ ਵਲੋਂ ਵੱਖ ਵੱਖ ਜ਼ਿਲਿਆਂ ਦੀਆਂ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ।ਖਿਡਾਰੀਆਂ ਵਲੋ ਖੇਡਾਂ ਦੀ ਮਸ਼ਾਲ ਜਗਾਈ ਗਈ ਅਤੇ ਖਿਡਾਰੀਆਂ ਨੇ ਸੱਚੀ ਖੇਡ ਭਾਵਨਾ, ਇਮਾਨਦਾਰੀ ਅਤੇ ਮਿਲਵਰਤਨ ਨਾਲ ਖੇਡਾਂ ਖੇਡਣ ਦੀ ਸਹੁੰ ਚੁੱਕੀ।ਇਸ ਤੋਂ ਬਾਅਦ ਕੈਬਨਿਟ ਮੰਤਰੀ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਗਿਆ।ਜਿਕਰਯੋਗ ਹੈ ਕਿ ਇਹ ਖੇਡ ਮੁਕਾਬਲੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ ਸਿੰਘ ਡੀ.ਐਮ ਖੇਡਾਂ ਵਰਿੰਦਰ ਸਿੰਘ, ਸੀਨੀਅਰ ਆਗੂ ਤਪਿੰਦਰ ਸਿੰਘ ਸੋਹੀ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ 1500 ਮੀਟਰ ਦੌੜ ਵਿੱਚ ਜੇਤੂ ਖਿਡਾਰਨਾਂ ਹਰਪ੍ਰੀਤ ਕੌਰ ਮਾਨਸਾ ਨੂੰ ਪਹਿਲਾ, ਇੰਦਰਜੀਤ ਕੌਰ ਨਵਾਂਸ਼ਹਿਰ ਨੂੰ ਦੂਜੇ ਅਤੇ ਰਾਜਵਿੰਦਰ ਕੌਰ ਤਰਨ ਤਾਰਨ ਨੂੰ ਤੀਜੇ ਸਥਾਨ ‘ਤੇ ਆਉਣ ਲਈ ਮੈਡਲ ਨਾਲ ਸਨਮਾਨਿਤ ਕੀਤਾ।ਇਨਾਂ ਖੇਡਾਂ ਵਿੱਚ ਪੰਜਾਬ ਦੇ 23 ਜਿਲ੍ਹਿਆਂ ਦੇ ਖਿਡਾਰੀਆਂ ਵਲੋਂ ਅੰਡਰ-19, ਅੰਡਰ-17, ਅੰਡਰ-14 ਵਿੱਚ ਹਿੱਸਾ ਲਿਆ ਜਾ ਰਿਹਾ ਹੈ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਪ੍ਰਿੰਸੀਪਲ ਸ੍ਰੀਮਤੀ ਇੰਦੂ ਸਿਮਕ, ਪ੍ਰਿੰਸੀਪਲ ਦੀਪਕ ਘਰਾਚੋਂ ਵੀ ਹਾਜ਼ਰ ਸਨ।

 

 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …