
ਅੰਮ੍ਰਿਤਸਰ, 11 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਯੂਨੀਕੋਰਨ ਐਕਟਰਸ, ਸਟੂਡੀਓ ਦਿੱਲੀ ਦੀ ਟੀਮ ਵੱਲੋਂ ਤ੍ਰਿਪੁਰਾਰੀ ਸ਼ਰਮਾ ਦਾ ਲਿਖਿਆ ਅਤੇ ਟੀਕਮ ਜੋਸ਼ੀ, ਗੋਰੀ ਦੇਵਾਲ ਤੇ ਤ੍ਰਿਪੁਰਾਰੀ ਸ਼ਰਮਾ ਦਾ ਡਾਇਰੈਕਟ ਕੀਤਾ ਹਿੰਦੀ ਨਾਟਕ ‘ਮੇ ਬੀ. ਦਿਸ ਸਮਰ’ ਪੇਸ਼ ਕੀਤਾ ਗਿਆ।ਨਾਟਕ ਵਿੱਚ ਅੱਜ ਕਲ ਦੇ ਆਪਸੀ ਰਜ਼ਾਮੰਦੀ ਨਾਲ ਰਹਿ ਰਹੇ ਲੜਕਾ ਅਤੇ ਲੜਕੀ ਦੇ ਰਿਸ਼ਤੇ ਉਪਰ ਆਧਾਰਿਤ ਹੈ।ਨਾਟਕ ਵਿੱਚ ਦੱਸਿਆ ਕਿ ਲੜਕਾ ਅਤੇ ਲੜਕੀ ਇੱਕ ਵੱਡੇ ਸ਼ਹਿਰ ਵਿੱਚ ਇੱਕਠੇ ਰਹਿੰਦੇ ਅਤੇ ਇੱਕਠੇ ਕੰਮ ਵੀ ਕਰਦੇ ਨੇ।ਨਾਟਕ ਵਿੱਚ ਜਿਥੇ ਕੁੜੀ ਇਸ ਰਿਸ਼ਤੇ ਨੂੰ ਵਿਆਹ ਦੇ ਬੰਧਨ ਵਿੱਚ ਬਨਣਾ ਚਾਹੁੰਦੀ ਹੈ, ਪਰ ਉਥੇ ਲੜਕਾ ਵਿਆਹ ਤੋਂ ਇਨਕਾਰ ਕਰਦਾ ਹੈ। ਕੁੜੀ ਵਿਆਹ ਕਰਵਾ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਪਰਿਵਾਰ ਵਸਾਉਣਾ ਚਾਹੁੰਦੀ ਹੈ।ਜਿਸ ਉਪਰ ਲੜਕਾ ਉਸ ਨੂੰ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਸਮਾਜਿਕ ਤੌਰ ਤੇ ਇਸ ਰਿਸ਼ਤੇ ਨੂੰ ਸਵਿਕਾਰ ਕਰਨ ਤੋਂ ਪਹਿਲਾ ਸਾਡਾ ਇੱਕ ਦੂਜੇ ਤੇ ਇਨ੍ਹਾਂ ਯਕੀਨ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਸਮਾਜ ਦੀ ਲੋੜ ਨਾ ਪਵੇ। ਦਰਅਸਲ ਲੜਕਾ ਇਸ ਆਪਸੀ ਸੰਬੰਧ ਨਾਲ ਖੁਸ਼ ਹੈ ਕਿਉਂਕਿ ਉਸ ਨੂੰ ਸਮਾਜਿਕ ਰਿਸ਼ਤੇ ਨਹੀਂ ਚਾਹੀਦੇ, ਜੋ ਕਿ ਕਠੋਰ ਅਤੇ ਜ਼ਿੰਮੇਵਾਰੀਆਂ ਨਾਲ ਭਰਪੂਰ ਹੋਣ ਉਹ ਹਲਕੇ ਫੁਲਕੇ ਰਿਸ਼ਤੇ ਵਿੱਚ ਖੁਸ਼ ਰਹਿਣਾ ਚਾਹੁੰਦਾ ਹੈ।
ਨਾਟਕ ਦੇ ਅੰੰਤ ਵਿੱਚ ਲੜਕਾ ਲੜਕੀ ਨੂੰ ਵਿਸਵਾਸ਼ ਦਵਾਉਂਦਾ ਹੈ ਕਿ ਉਹ ਇਸ ਰਿਸ਼ਤੇ ਨੂੰ ਵਿਆਹ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਦੂਸਰੇ ਪਾਸੇ ਕੁੜੀ ਇਹ ਉਮੀਦ ਹੁੰਦੀ ਹੈ ਕਿ ਇੱਕ ਦਿਨ ਅਜਿਹਾ ਦਿਨ ਜ਼ਰੂਰ ਆਵੇਗਾ।ਨਾਟਕ ਦਾ ਫੈਸਲਾ ਆਮ ਜਨਤਾ ਦੇ ਲਈ ਛੱਡ ਦਿੱਤਾ ਜਾਂਦਾ ਹੈ। ਨਾਟਕ ਵਿੱਚ ਕਿਤੇ-ਕਿਤੇ ਕਾਵਿ ਸੰਵਾਦਾਂ ਦੀ ਵਰਤੋਂ ਵੀ ਕੀਤੀ ਗਈ ਹੈ।ਇਸ ਨਾਟਕ ਵਿੱਚ ਮੁੱਖ ਕਿਰਦਾਰ ਟੀਕਮ ਜੋਸ਼ੀ ਅਤੇ ਗੋਰੀ ਦੇਵਾਲ ਨੇ ਨਿਭਾਇਆ ਤੇ ਸੰਗੀਤ ਗੋਵਿੰਦ ਪਾਂਡੇ ਵੱਲੋਂ ਦਿੱਤਾ ਗਿਆ।ਇਸ ਮੌਕੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ੍ਰੀਮਤੀ ਅਰਵਿੰਦਰ ਕੌਰ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਸ਼ਿਵਦੇਵ ਸਿੰਘ ਆਰਟਿਸਟ, ਪਵਨਦੀਪ, ਸੁਮਿਤ ਸਿੰਘ, ਰਾਜਿੰਦਰ ਸਿੰਘ ਨਾਗੀ, ਗੁਰਿੰਦਰ ਮਕਨਾ, ਗੁਰਤੇਜ ਮਾਨ, ਪਵੇਲ ਸੰਧੂ ਆਦਿ ਹਾਜ਼ਰ ਸਨ।
Punjab Post Daily Online Newspaper & Print Media