Sunday, June 15, 2025
Breaking News

ਅਟਾਰੀ ਵਿਖੇ ਬਣੇਗਾ ਬਾਗਬਾਨੀ ਦਾ ‘ਸੈਂਟਰ ਆਫ ਐਕਸੀਲੈਂਸ’ ਤੇ ਅਜਾਇਬ ਘਰ -ਬਾਦਲ

ਸਰਹੱਦੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀ ਵਿਭਿੰਨਤਾ ਜਰੂਰੀ – ਸਰਕਾਰੀ ਬਾਗ ਤੇ ਨਰਸਰੀ ਦਾ ਕੀਤਾ ਦੌਰਾ

PPN1212201410

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਰਹੱਦੀ ਇਲਾਕੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਇਸ ਖਿੱਤੇ ਵਿੱਚ ਬਹੁਭਾਂਤੀ ਖੇਤੀ ਨੂੰ ਉਤਸ਼ਾਹਤ ਕਰੇਗੀ ਅਤੇ ਇਸ ਮਨੋਰਥ ਦੀ ਪੂਰਤੀ ਲਈ ਛੇਤੀ ਹੀ ਅਟਾਰੀ ਵਿਖੇ ਬਾਗਬਾਨੀ ਦਾ ਰਾਸ਼ਟਰ ਪੱਧਰ ਦਾ ਕੇਂਦਰ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਸz ਪਰਕਾਸ਼ ਸਿੰਘ ਬਾਦਲ ਨੇ ਇਹ ਐਲਾਨ ਅਟਾਰੀ ਵਿਖੇ ਸਰਕਾਰੀ ਬਾਗ ਅਤੇ ਨਰਸਰੀ ਦਾ ਦੌਰਾ ਕਰਨ ਮੌਕੇ ਅਧਿਕਾਰੀਆਂ ਕੋਲ ਕੀਤਾ। ਬਾਗ ਵਿੱਚ ਲੱਗੇ ਵੱਖ ਵੱਖ ਤਰ੍ਹਾਂ ਦੇ ਫਲਾਂ ਤੋਂ ਹੁੰਦੀ ਕਮਾਈ ਦਾ ਵੇਰਵਾ ਪੁੱਛਣ ਮਗਰੋਂ ਸz ਬਾਦਲ ਨੇ ਬਾਗਬਾਨੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਇਲਾਕੇ ਵਿੱਚ ਸਫਲਤਾ ਨਾਲ ਚੱਲ ਸਕਣ ਵਾਲੇ ਫਲਾਂ ਨੂੰ ਉਤਸ਼ਾਹਤ ਕਰਨ ਲਈ ਇਥੇ ਇਕ ਮਿਆਰੀ ਨਰਸਰੀ ਅਤੇ ਫਲਾਂ ਦੀ ਸਾਂਭ ਸੰਭਾਲ ਬਾਰੇ ਕਿਸਾਨਾਂ ਨੂੰ ਸਿਖਲਾਈ ਦੇਣ ਲਈ ‘ਨੈਸ਼ਨਲ ਸੈਂਟਰ ਆਫ ਐਕਸੀਲੈਂਸ ਫਾਰ ਹਾਰਟੀਕਲਚਰ’ ਇਥੇ ਸਥਾਪਤ ਕਰਨ। ਉਨ੍ਹਾਂ ਇਸ ਬਾਬਤ ਮੌਕੇ ਤੇ ਹੀ ਡਾਇਰੈਕਟਰ ਬਾਗਬਾਨੀ ਨਾਲ ਫੋਨ ਤੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਇਸ ਕੰਮ ਦਾ ਖਾਕਾ ਤਿਆਰ ਕਰਨ ਲਈ ਨਿਰਦੇਸ਼ ਦਿੱਤੇ, ਤਾਂ ਜੋ ਉਕਤ ਪ੍ਰਾਜੈਕਟ ਕੇਂਦਰ ਸਰਕਾਰ ਕੋਲੋਂ ਪਾਸ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਪੋਲੀ ਹਾਊਸ ਹੇਠਾਂ ਸਬਜੀਆਂ ਦੀ ਕਾਸ਼ਤ, ਸਬਜੀਆਂ ਦੀ ਨਰਸਰੀ ਅਤੇ ਫਲਾਂ ਦੀ ਨਰਸਰੀ ਤਿਆਰ ਕੀਤੀ ਜਾਵੇ ਜਿਥੇ ਕਿ ਉਚ ਤਕਨੀਕ ਦੀ ਵਰਤੋਂ ਕਰਕੇ ਗੈਰ ਰੁੱਤ ਵਿੱਚ ਸਬਜੀਆਂ ਪੈਦਾ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਕਿਸਾਨ ਕਣਕ, ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਥੋੜੀ ਜਮੀਨ ਵਿੱਚੋਂ ਵੱਧ ਕਮਾਈ ਕਰ ਸਕਣ। ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਇਸ ਖਿੱਤੇ ਵਿੱਚ ਜਿਆਦਾਤਰ ਪ੍ਰਚੱਲਤ ਬਾਗਾਂ ਜਿਵੇਂ ਕਿ ਅਨਾਖ, ਆੜੂ ਅਤੇ ਅਮਰੂਦ ਆਦਿ ਉਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਤਾਂ ਜੋ ਕਿਸਾਨ ਅਸਾਨੀ ਨਾਲ ਅਜਿਹੇ ਬਾਗਾਂ ਨੂੰ ਵਿਕਸਤ ਕਰਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਫਲ ਪੈਦਾ ਕਰਨ ਦੇ ਨਾਲ ਨਾਲ ਫਲਾਂ ਦੇ ਮੰਡੀਕਰਣ ਦੀ ਸਿਖਲਾਈ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਉਤਪਾਦ ਆਪ ਵੇਚ ਕੇ ਵੱਧ ਮੁਨਾਫਾ ਕਮਾ ਸਕਣ।
ਉਨ੍ਹਾਂ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਤੇ ਆਉਂਦੇ ਹਜਾਰਾਂ ਸੈਲਾਨੀਆਂ ਦੇ ਆਕਰਸ਼ਣ ਲਈ ਉੜੀਸਾ ਦੀ ਤਰਜ ਉਤੇ ਬਾਗਬਾਨੀ ਦਾ ਇਕ ਅਜਾਇਬ ਘਰ ਵੀ ਇਸ ਨਰਸਰੀ ਵਿੱਚ ਬਣਾਇਆ ਜਾਵੇ ਜੋ ਕਿ ਦੇਸ਼ ਭਰ ਵਿੱਚ ਬਾਗਬਾਨੀ ਲਈ ਪ੍ਰਚੱਲਤ ਤਕਨੀਕਾਂ ਨੂੰ ਆਉਣ ਵਾਲੇ ਸੈਲਾਨੀਆਂ ਦੇ ਰੂਬਰੂ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬਾਗਬਾਨੀ ਤਕਨੀਕਾਂ ਤੋਂ ਲੋਕ ਜਾਣੂੰ ਹੋ ਸਕਣਗੇ ਉਥੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਵੀ ਇਹ ਅਜਾਇਬ ਘਰ ਹੋਵੇਗਾ।
ਅਟਾਰੀ ਬਾਗ ਵਿੱਚ ਆਉਣ ਉਤੇ ਡਿਪਟੀ ਡਾਇਰੈਕਟਰ ਸz ਬਾਜ ਸਿੰਘ ਨੇ ਮੁੱਖ ਮੰਤਰੀ ਪੰਜਾਬ ਨੂੰ ਜੀ ਆਇਆ ਕਹਿੰਦਿਆਂ ਦੱਸਿਆ ਕਿ 100 ਏਕੜ ਦਾ ਇਹ ਬਾਗ 1935 ਵਿੱਚ ਕਾਇਮ ਕੀਤਾ ਗਿਆ ਸੀ ਅਤੇ ਇਸ ਨੇ ਇਲਾਕੇ ਵਿੱਚ ਫਲਾਂ ਦੀ ਕਾਸ਼ਤ ਲਈ ਵਧੀਆ ਬੂਟੇ ਕਿਸਾਨਾਂ ਨੂੰ ਸਪਲਾਈ ਕੀਤੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸz ਗੁਲਜਾਰ ਸਿੰਘ ਰਣੀਕੇ, ਸਪੈਸ਼ਲ ਪ੍ਰਿੰਸੀਪਲ ਸਕੱਤਰ ਸ੍ਰੀ ਅਜੋਏ ਸ਼ਰਮਾ, ਆਈ:ਜੀ:ਪੁਲਿਸ ਸ੍ਰੀ ਈਸ਼ਵਰ ਚੰਦਰ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਐਸ:ਐਸ:ਪੀ ਦਿਹਾਤੀ ਜਸਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply