ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਕਰਨਗੇ ਉਦਘਾਟਨ

ਫਾਜ਼ਿਲਕਾ, 12 ਦਿਸੰਬਰ (ਵਿਨੀਤ ਅਰੋੜਾ) – 13 ਦਸੰਬਰ ਨੂੰ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜੇਗਾ ਜਦੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਬਲਾਕ ਅਰਨੀਵਾਲਾ ਦੇ ਪਿੰਡ ਡੱਬਵਾਲਾ ਕਲਾਂ ਵਿਖੇ ਸੂਬੇ ਵਿਚ ਆਪਣੀ ਕਿਸਮ ਦੇ ਪਹਿਲੇ ਅਤੇ ਦੇਸ਼ ਦੇ ਚੌਥੇ ਸਭ ਤੋਂ ਵੱਡੇ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨਗੇ। ਪਿੰਡ ਡੱਬਵਾਲਾ ਕਲਾਂ ਦੇ ਫੋਕਲ ਪੁਆਇੰਟ ਵਿਖੇ ਕਰੀਬ 55 ਏਕੜ ਰਕਬੇ ਵਿਚ ਇੰਟਨੈਸ਼ਨਲ ਮੈਗਾ ਫੂਡ ਪਾਰਕ ਲਿਮਟਿਡ ਵੱਲੋਂ 136 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਾਲ ਮੈਗਾ ਫੂਡ ਪਾਰਕ ਸਥਾਪਿਤ ਕੀਤਾ ਗਿਆ ਹੈ। ਇੰਟਰਨੈਸ਼ਨਲ ਮੈਗਾ ਫੂਡ ਲਿਮਟਿਡ ਦੇ ਸੀ.ਐਮ.ਡੀ ਸ.ਸੁਖਵਿੰਦਰ ਸਿੰਘ, ਕਾਰਜਕਾਰੀ ਡਾਇਰੈਕਟਰ ਸ. ਸਿਮਰਿੰਦਰ ਸਿੰਘ ਤੇ ਵਾਈਸ ਪ੍ਰੈਜ਼ੀਡੈਂਟ ਕੈਪਟਨ ਐਮ.ਐਸ.ਬੇਦੀ ਨੇ ਦੱਸਿਆ ਕਿ ਪੂਰੀ ਤਰਾਂ ਤਿਆਰ ਹੋ ਚੁੱਕੇ ਇਸ ਬਹੁ-ਕਰੋੜੀ ਮੈਗਾ ਫੂਡ ਪਾਰਕ ਲਈ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੇ ਮੰਤਰਾਲੇ ਅਤੇ ਪੰਜਾਬ ਸਰਕਾਰ ਦਾ ਬਹੁਤ ਯੋਗਦਾਨ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੇ ਉਦਘਾਟਨ ਲਈ ਬੀਬਾ ਬਾਦਲ ਜੀ ਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪਹੁਚ ਰਹੇ ਹਨ।
ਇਸ ਮੈਗਾ ਫੂਡ ਪਾਰਕ ਵਿਚ ਦੁੱਧ ਦੀ ਪ੍ਰੋਸੈਸਿੰਗ, ਦੁੱਧ ਤੋਂ ਬਣੇ ਪ੍ਰੋਡਕਟ ਜਿਵੇਂ ਮੱਖਣ, ਪਨੀਰ, ਘਿਉ, ਸੁੱਕਾ ਦੁੱਧ, ਸਪਰੇਟਾ ਦੁੱਧ ਸਮੇਤ ਕਈ ਹੋਰ ਉਤਪਾਦ ਤਿਆਰ ਕੀਤੇ ਜਾਣਗੇ। ਇਸ ਤੋਂ ਇਲਾਵਾ ਸਬਜ਼ੀਆਂ ਜਿਵੇਂ ਮਟਰ, ਗੋਭੀ, ਗਾਜਰ, ਪਿਆਜ, ਆਲੂ, ਭਿੰਡੀ, ਕਰੇਲੇ ਸਮੇਤ ਹਰ ਤਰਾਂ ਦੀਆਂ ਸਬਜ਼ੀਆਂ ਅਤੇ ਫਲਾਂ ਕੇਲਾ, ਜਾਮਨ, ਸੰਤਰਾ, ਕਿੰਨੂ, ਮਾਲਟਾ ਆਦਿ ਦੀ ਪ੍ਰੋਸੈਸਿੰਗ ਕਰਕੇ ਡੱਬਾ ਬੰਦ ਕੀਤਾ ਜਾਵੇਗਾ। ਇੰਟਰਨੈਸ਼ਨਲ ਮੈਗਾ ਫੂਡ ਪਾਰਕ ਲਿਮਟਿਡ ਨਾਲ ਉਤਪਾਦਨ ਅਤੇ ਮਾਰਕੀਟਿੰਗ ਲਈ ਨਾਮੀ ਕੰਪਨੀਆਂ ਜਿਵੇਂ ਕਰੀਮ ਬੈਲ ਵੱਲੋਂ ਵੀ ਇਕਰਾਨਾਮਾਂ ਕੀਤਾ ਗਿਆ ਹੈ। ਕੰਪਨੀ ਵੱਲੋਂ ਬਿਜਲੀ ਦੀ ਖਪਤ ਨੂੰ ਪੂਰਾ ਕਰਨ ਲਈ 4 ਮੈਗਾਵਾਟ ਦਾ ਪਾਵਰ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। ਜਿਸ ਵਿਚ ਰਹਿੰਦ-ਖੂੰਹਦ ਤੇ ਬਿਜਲੀ ਤਿਆਰ ਕੀਤੀ ਜਾਵੇਗੀ ਤੇ ਵਾਧੂ ਹੋਣ ਦੀ ਸੂਰਤ ਵਿਚ ਬਿਜਲੀ ਬੋਰਡ ਨੂੰ ਦਿੱਤੀ ਜਾਵੇਗੀ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੈਗਾ ਫੂਡ ਪਾਰਕ ਨਾਲ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੂੰ ਜਿਥੇ ਰੁਜ਼ਗਾਰ ਮਿਲੇਗਾ, ਉਥੇ ਹੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਅਤੇ ਦੁੱਧ ਦਾ ਸਹੀ ਮੁੱਲ ਮਿਲੇਗਾ। ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਵਿਚ ਭਾਰੀ ਸੁਧਾਰ ਆਵੇਗਾ। ਇਸ ਤੋਂ ਇਲਾਵਾ ਅਸਿੱਧੇ ਤੋਰ ਤੇ ਵੀ ਹਜ਼ਾਰਾਂ ਲੋਕ ਇਸ ਨਾਲ ਜੁੜਨਗੇ। ਕੰਪਨੀ ਵੱਲੋਂ ਪੜਾਅ ਵਾਰ ਸਾਰੇ ਪਿੰਡਾ ਵਿਚ ਕੁਲੈਕਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ ਤੇ ਉਨ੍ਹਾਂ ਨੂੰ ਬਲਕ ਮਿਲਕ ਚਿੱਲਰ ਅਤੇ ਟਰਾਂਸਪੋਰਟ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ।ਪੰਜਾਬ ਵਿਚ ਆਪਣੀ ਕਿਸਮ ਦੇ ਪਹਿਲੇ ਇਸ ਮੈਗਾ ਫੂਡ ਪਾਰਕ ਨਾਲ ਜਿਥੇ ਰਾਜ ਵਿਚ ਖੇਤੀ ਅਧਾਰਿਤ ਉਤਪਾਦਾਂ ਨੂੰ ਡੱਬਾ ਬੰਦ ਕਰਨ ਲਈ ਲੋਕ ਉਦਯੋਗ ਲਗਾਉਣ ਲਈ ਪ੍ਰੇਰਿਤ ਹੋਣਗੇ, ਉਥੇ ਹੀ ਇਸ ਨਾਲ ਸਿੱਧੇ ਤੇ ਅਸਿੱਧੇ ਤੋਰ ਤੇ ਰੁਜ਼ਗਾਰ ਦੇ ਅਵਸਰ ਵਧਣਗੇ ਅਤੇ ਸੂਬੇ ਦੀ ਖੇਤੀ ਅਧਾਰਿਤ ਆਰਥਿਕਤਾਂ ਨੂੰ ਵੱਡਾ ਹੁਲਾਰਾ ਮਿਲੇਗਾ।
Punjab Post Daily Online Newspaper & Print Media