
ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ 12 ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਸਤਵੇਂ ਦਿਨ ਮੰਚ-ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ’ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ। ਸ਼zzੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਮੰਚ- ਰੰਗਮੰਚ ਹਮੇਸ਼ਾਂ ਲਈ ਨਰੋਏ ਤੇ ਸਿਹਤਮੰਦ ਵਿਸ਼ਿਆਂ ਤੇ ਨਾਟਕ ਲੈ ਕੇ ਦਰਸ਼ਕਾਂ ਦੇ ਰੂਬਰ ਹੰਦਾ ਆ ਰਿਹਾ ਹੈ। ਇਹ ਨਾਟਕ ਕਲਾਤਮਕ ਢੰਗ ਨਾਲ ਇਹ ਦਰਸਾਇਆ ਗਿਆ ਕਿ ਸ਼ਹਿਰ ਸਿਰਫ਼ ਉੱਚੀਆਂ ਇਮਾਰਤਾਂ ਨਾਲ ਹੀ ਨਹੀਂ ਹੁੰਦੇ, ਸਗੋਂ ਸ਼ਹਿਰ ਉਸ ਵਿੱਚ ਵੱਸਣ ਵਾਲਿਆਂ ਨਾਲ ਹੁੰਦੇ ਨੇ। ਸਾਡੀ ਜ਼ਿੰਦਗੀ ਵਿੱਚ ਬਾਜ਼ਾਰਵਾਦ ਨੇ ਪੂਰੀ ਤਰਾਂ ਪ੍ਰਵੇਸ਼ ਕਰ ਲਿਆ ਹੈ। ਲੋਕ ਸੋਚਦੇ ਨੇ ਕਿ ਉਹ ਬਾਜ਼ਾਰ ਵਿੱਚੋਂ ਕੁਝ ਖਰੀਦ ਕੇ ਆਏ ਨੇ, ਪਰ ਉਹਨਾਂ ਨੂੰ ਪਤਾ ਨਹੀਂ ਲਗ ਰਿਹਾ ਕਿ ਉਹ ਖਰੀਦ ਕੇ ਨਹੀਂ ਆਏ, ਬਲਕਿ ਖੁਦ ਵਿਕ ਕੇ ਆਏ ਨੇ। ਇਸ ਨਾਟਕ ਵਿੱਚ ਜਿਥੇ ਆਪਣੇ ਸੁਪਨਿਆਂ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਉੱਚ ਡਿਗਰੀਆਂ ਕਰਵਾ ਕੇ ਘਰੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿਚ ਭੇਜਣ ਦੀ ਕਹਾਣੀ ਪੇਸ਼ ਕੀਤੀ ਗਈ, ਉਥੇ ਨੌਜੁਆਨਾਂ ਵਿੱਚ ਮਲਟੀਨੈਸ਼ਨਲ ਕੰਪਨੀਆਂ ਵਿਚ ਕੈਰੀਅਰ ਬਣਾਉਣ ਲਈ ਲੱਗੀ ਚੂਹੇ ਦੌੜ ਨੂੰ ਵੀ ਬਾਖੂਬੀ ਦਰਸਾਇਆ ਗਿਆ। ਨਾਟਕ ਵਿੱਚ ਪਵਨਦੀਪ, ਗੁਰਤੇਜ ਮਾਨ, ਸੁਖਵਿੰਦਰ ਵਿਰਕ ਤੇ ਰਮਨਪ੍ਰੀਤ ਕੌਰ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਪ੍ਰਭਾਵ ਛੱਡਿਆ। ਬਾਕੀ ਕਲਾਕਾਰਾਂ ਵਿੱਚ ਮਨਜਿੰਦਰ ਸਿੰਘ, ਦੀਕਸ਼ਾ, ਪ੍ਰੀਤੀ, ਮੁਸਕਾਨ, ਪਵਨਦੀਪ ਬਠਿੰਡਾ, ਨਰਿੰਦਰ ਸੇਠੀ, ਨਵੀ, ਜੰਗ ਬਹਾਦਰ, ਵਿਕਾਸ ਜੋਸ਼ੀ, ਜਸਦੀਪ ਬਰਾੜ ਦੇ ਕਿਰਦਾਰ ਵੀ ਸਰਾਹੁਣਯੋਗ ਰਹੇ। ਇਸ ਨਾਟਕ ਦਾ ਸੰਗੀਤ ਲੋਪੋਕੇ ਬ੍ਰਦਰਜ਼ ਰਜਿੰਦਰ ਸਿੰਘ ਤੇ ਲਖਬੀਰ ਸਿੰਘ ਨੇ ਦਿੱਤਾ। ਪੇਸ਼ਕਾਰੀ ਦੌਰਾਨ ਕੇਵਲ ਧਾਲੀਵਲ ਦੀ ਨਿਰਦੇਸ਼ਨਾਂ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ ਕੇ ਬੋਲਿਆ। ਇਸ ਮੌਕੇ ਪ੍ਰਮਿੰਦਰਜੀਤ, ਜਗਦੀਸ਼ ਸਚਦੇਵਾ, ਡਾ. ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਜ਼ਿਲ੍ਹਾਂ ਭਾਸ਼ਾ ਅਫ਼ਸਰ ਭੂਪਿੰਦਰ ਸਿੰਘ ਮੱਟੂ, ਵਿਜੇ ਸ਼ਰਮਾ, ਇੰਦਰਜੀਤ ਸਿੰਘ ਸਹਾਰਨ, ਦੀਪ ਦਵਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media