Saturday, July 27, 2024

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਲੋਹੜੀ ਦਾ ਤਿਉਹਾਰ

ਪ੍ਰਿੰਸੀਪਲਾਂ ਨੇ ਭੁੱਗਾ ਬਾਲਿਆ ਅਤੇ ਵਿਦਿਆਰਥੀਆਂ ਤੇ ਸਟਾਫ਼ ਨੇ ਸੱਭਿਆਚਾਰਕ ਗੀਤ, ਭੰਗੜਾ ਤੇ ਗਿੱਧਾ ਪਾਇਆ

ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਫ਼ਾਰ ਵੂਮੈਨ, ਖਾਲਸਾ ਕਾਲਜ ਆਫ਼ ਲਾਅ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ, ਖ਼ਾਲਸਾ ਕਾਲਜ ਆਫ਼ ਨਰਸਿੰਗ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਸਰਦ ਰੁੱਤ ਦਾ ਤਿਉਹਾਰ ਲੋਹੜੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਵੂਮੈਨ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਐਜ਼ੂਕੇਸ਼ਨ ਕਾਲਜ, ਰਣਜੀਤ ਐਵੀਨਿਊ ਕਾਰਜ਼ਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਪ੍ਰਿੰਸੀਪਲ ਨਾਨਕ ਸਿੰਘ, ਨਰਸਿੰਗ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ, ਅਤੇ ਇੰਟਰੈਨਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਨੇ ਆਪਣੇ ਆਪਣੇ ਭਾਸ਼ਣਾਂ ਰਾਹੀਂ ਵਿਦਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਲੋਕਾਂ ਨੇ ਤਿਉਹਾਰਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ।ਇਸ ਲਈ ਜਰੂਰਤ ਹੈ ਕਿ ਇਸ ਦੇ ਪੁਰਾਤਨ ਸਰੂਪ ਨੂੰ ਕਾਇਮ ਰੱਖਣ ਲਈ ਵਿੱਦਿਅਕ ਸੰਸਥਾਵਾਂ ’ਚ ਅਜਿਹੇ ਤਿਉਹਾਰ ਮਨਾਏ ਜਾਣ ਅਤੇ ਨਵੀਂ ਪੀੜ੍ਹੀ ਇਨ੍ਹਾਂ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂ ਹੋਵੇ ਅਤੇ ਇਨ੍ਹਾਂ ਨੂੰ ਧੁਮ-ਧਾਮ ਨਾਲ ਮਨਾਏ।
ਇਸੇ ਤਰ੍ਹਾਂ ਵੂਮੈਨ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਐਨ.ਐਸ.ਐਸ ਵਿਭਾਗ ਵਲੋਂ ਸਰਦ ਐਨ.ਜੀ.ਓ (ਸੁਸਾਇਟੀ ਫ਼ਾਰ ਆਲ ਰਾਊਂਡ ਡਿਵੈਲਪਮੈਂਟ, ਐਨ.ਓ.ਜੀ) ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਪ੍ਰਿੰ: ਡਾ. ਸੁਰਿੰਦਰ ਕੌਰ ਵਲੋਂ ਲੋਹੜੀ ਤਿਉਹਾਰ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦੇਣ ਨਾਲ ਕੀਤਾ ਗਿਆ। ਉਪਰੰਤ ਭੁੱਗਾ ਬਾਲਿਆ ਗਿਆ ਅਤੇ ਲੋਹੜੀ ਨਾਲ ਸਬੰਧਿਤ ਲੋਕ-ਗੀਤ ਗਾ ਕੇ ਰਿੰਗ ਬੰਨ੍ਹਿਆ ਗਿਆ।
ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।
ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਕਾਰਜ਼ਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਵਿਦਿਆਰਥੀਆਂ ਵਲੋਂ ਸਰਗਰਮ ਭਾਗੀਦਾਰੀ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਕਾਲਜ ਪ੍ਰਿੰਸੀਪਲ ਨਾਨਕ ਸਿੰਘ ਨੇ ਕਿਹਾ ਕਿ ਮੇਲੇ ਅਤੇ ਤਿਉਹਾਰ ਸਾਡੇ ਸੱਭਿਆਚਾਰ ਦਾ ਹਿੱਸਾ ਹਨ।
ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਕ ਡਾ. ਅਮਨਪ੍ਰੀਤ ਕੌਰ ਨੇ ਭੁੱਗਾ ਬਾਲਣ ਦੀ ਸਭਿਆਚਾਰਕ ਮਹੱਤਤਾ ਬਾਰੇ ਚਾਨਣਾ ਪਾਇਆ।
ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਤਿਉਹਾਰ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰਿੰ: ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਆਪਣੇ ਅੰਦਰ ਦੀਆਂ ਕੁਰੀਤੀਆਂ ਨੂੰ ਖਤਮ ਕਰਕੇ ਨਵੇਂ ਸਾਲ ’ਚ ਨਵੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ।
ਸਮੂਹ ਵਿੱਦਿਅਕ ਸੰਸਥਾਵਾਂ ਦੇ ਸਟਾਫ਼ ਤੇ ਵਿਦਿਆਰਥਣਾਂ ਨੇ ਜਿੱਥੇ ਮੁੰਗਫਲੀ, ਰਿਉੜੀਆਂ ਅਤੇ ਭੁਗੇ ਆਦਿ ਵਸਤਾਂ ਦਾ ਅਨੰਦ ਮਾਣਿਆ, ਉਥੇ ਲੋਹੜੀ ਨਾਲ ਸੰਬੰਧਿਤ ਗੀਤਾਂ ਨੂੰ ਗੁਣਗੁਣਾ ਕੇ ਪੰਜਾਬੀ ਲੋਕ ਵਿਰਸੇ ਨੂੰ ਪੁਨਰ ਸੁਰਜੀਤ ਕੀਤਾ ਅਤੇ ਲੋਹੜੀ ਨਾਲ ਸਬੰਧਿਤ ਗੀਤ, ਕਵਿਤਾ, ਗਿੱਧਾ, ਭੰਗੜਾ ਆਦਿ ਦੀ ਪੇਸ਼ਕਾਰੀ ਕਰਕੇ ਮਾਹੌਲ ਨੂੰ ਰੰਗੀਨ ਬਣਾਇਆ ਗਿਆ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …