ਸਿੰਧੀ ਸਮਾਜ ਨੂੰ ਮਰਿਆਦਾ ਸਮਝਾਉਣ ਦੀ ਬਜ਼ਾਏ ਬਾਣੀ ਤੋਂ ਤੋੜਨਾ ਨਹੀਂ ਚਾਹੀਦਾ- ਜੀ.ਕੇ
ਨਵੀਂ ਦਿੱਲੀ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਮੱਧ ਪ੍ਰਦਸ਼ ਦੇ “ਸਿੰਧੀ ਟਿਕਾਣਿਆਂ” ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ ਹੋ ਰਹੀ ਵਾਪਸੀ ‘ਤੇ ਜਾਗੋ ਪਾਰਟੀ ਨੇ ਚਿੰਤਾ ਜਤਾਈ ਹੈ।ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਵਲੋਂ ਸਜਾਈ ਗਈ ਸੰਗਤ ਰੂਪੀ ਫੁਲਵਾੜੀ ਦਾ ਅਹਿਮ ਹਿੱਸਾ “ਗੁਰੂ ਨਾਨਕ ਨਾਮਲੇਵਾ” ਸੰਗਤਾਂ `ਚ ਵਖਰੇਵੇਂ ਪੈਦਾ ਕਰਨ ਦਾ ਏਜੰਸੀਆਂ ਉਤੇ ਦੋਸ਼ ਲਾਇਆ ਹੈ।ਜੀ.ਕੇ ਨੇ ਸਾਫ ਕਿਹਾ ਕਿ ਜੇਕਰ ਕਿਸੇ ਸਿੰਧੀ ਮੰਦਿਰ `ਚ ਗੁਰੂ ਗ੍ਰੰਥ ਸਾਹਿਬ ਜੀ ਦੀ ਟਹਿਲ ਸੇਵਾ ਦੌਰਾਨ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਸਿੰਧੀਆਂ ਨੂੰ ਮਰਿਆਦਾ ਸਮਝਾਉਣ ਦੀ ਕੋਸ਼ਿਸ਼ ਕਰੀਏ।
ਜੀ.ਕੇ ਨੇ ਇਸ ਸੰਬੰਧੀ ਮੱਧ ਪ੍ਰਦੇਸ਼਼ ਤੋਂ ਸਿੰਧੀ ਆਗੂ ਕਿਸ਼ੋਰ ਕੋਡਵਾਣੀ ਦੇ ਹਵਾਲੇ ਤੋਂ ਛਪੀ ਇੱਕ ਖ਼ਬਰ ਦਾ ਜ਼ਿਕਰ ਕਰਦਿਆਂ ਕਿਹਾ ਕਿ “19 ਦਸੰਬਰ ਨੂੰ ਸਿੰਧੀ ਟਿਕਾਣਿਆਂ `ਚ ਕੁੱਝ ਨਿਹੰਗ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਆਏ ਸਨ ਅਤੇ ਸਰੂਪਾਂ ਨੂੰ ਵਾਪਸ ਭੇਜਣ ਦਾ ਆਦੇਸ਼ ਦਿੱਤਾ ਸੀ।
ਜੀ.ਕੇ ਨੇ ਕਿਹਾ ਕਿ ਇਸ ਲਈ ਸਭ ਤੋਂ ਜਰੂਰੀ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਸਿੰਧੀ ਟਿਕਾਣਿਆਂ ਨੂੰ ਦਿੱਲੀ ਕਮੇਟੀ ਬਿਨਾਂ ਮਰਿਆਦਾ ਦਾ ਪਾਠ ਪੜ੍ਹਾਏ ਇਹ ਸਰੂਪ ਚੁੱਕਣ ਪ੍ਰਤੀ ਬਾਜ਼ਿੱਦ ਕਿਉਂ ਹੈ ? ਉਨਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਬਾਰੇ ਪੜਤਾਲ ਕਰਵਾਉਣ ਦੀ ਲੋੜ ਹੈ।