Wednesday, March 11, 2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 29 ਨੂੰ ਤਿੰਨ ਘੰਟੇ ਦੇ ਰੇਲ ਰੋਕਣ ਦੀਆਂ ਤਿਆਰੀਆਂ ਮੁਕੰਮਲ

ਸਮਰਾਲਾ ਰੇਲਵੇ ਸਟੇਸ਼ਨ ‘ਤੇ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਰੋਕੀਆਂ ਜਾਣਗੀਆਂ ਰੇਲਾਂ – ਨਾਗਰਾ

ਸਮਰਾਲਾ, 27 ਜਨਵਰੀ (ਇੰਦਰਜੀਤ ਸਿੰਘ ਕੰਗ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ 29 ਜਨਵਰੀ ਨੂੰ ਪੂਰੇ ਪੰਜਾਬ ਅੰਦਰ ਦੁਪਹਿਰ 1 ਤੋਂ 4 ਵਜੇ ਤੱਕ ਤਿੰਨ ਘੰਟੇ ਲਈ ਰੇਲਾਂ ਰੋਕੀਆਂ ਜਾ ਰਹੀਆਂ ਹਨ, ਜਿਸ ਸਬੰਧੀ ਪੂਰੇ ਪੰਜਾਬ ਅੰਦਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਤੇ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਇਸ ਸੱਦੇ ਨੂੰ ਮੁੱਖ ਰੱਖਦੇ ਹੋਏ 29 ਜਨਵਰੀ ਨੂੰ ਸਮਰਾਲਾ ਦੇ ਰੇਲਵੇ ਸਟੇਸ਼ਨ ‘ਤੇ ਦੁਪਹਿਰ ਤਿੰਨ ਘੰਟੇ ਲਈ ਰੇਲਵੇ ਟਰੈਕ ਤੇ ਧਰਨਾ ਲਗਾ ਕੇ ਟਰੇਨਾਂ ਰੋਕੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਾਡੀ ਸੰਘਰਸ਼ ਕਮੇਟੀ ਦਾ ਟਰੇਨਾਂ ਰੋਕਣ ਸਬੰਧੀ ਮੁੱਖ ਮੁੱਦਾ ਪੰਜਾਬ ਦੇ ਪਾਣੀਆਂ ‘ਤੇ ਕੇਂਦਰ ਸਰਕਾਰ ਦੀ ਸ਼ਹਿ ਉਤੇ ਦਿੱਲੀ ਅਤੇ ਗੁਆਂਢੀ ਰਾਜਾਂ ਵਲੋਂ ਅੱਖ ਰੱਖੀ ਹੋਈ ਹੈ, ਜਦੋਂ ਕਿ ਸੰਵਿਧਾਨ ਅਨੁਸਾਰ ਪਾਣੀਆਂ ਦਾ ਮਸਲਾ ਕੇਵਲ ਰਾਜਾਂ ਦਾ ਮਸਲਾ ਹੈ, ਜਿਸ ਵਿੱਚ ਕੇਂਦਰ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰ ਸਕਦਾ।ਪੰਜਾਬ ਦੇ ਪਾਣੀਆਂ ਉਤੇ ਕੇਵਲ ਪੰਜਾਬ ਦਾ ਹੀ ਹੱਕ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਕਾਫੀ ਸਮਾਂ ਲੰਘ ਚੁੱਕਾ ਹੈ, ਪ੍ਰੰਤੂ ਉਨ੍ਹਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ, ਜਦੋਂ ਕਿ ਬਲਾਤਕਾਰੀ ਰਾਮ ਰਹੀਮ ਨੂੰ ਸਰਕਾਰਾਂ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ।ਇਸ ਲਈ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ।ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਜੋ ਲਾਪਤਾ ਹੋ ਚੁੱਕੇ ਸਨ, ਸਬੰਧੀ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ, ਇਸ ਸਬੰਧੀ ਜਲਦੀ ਘੋਖ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ਮਾੜੇ ਹਾਲਾਤਾਂ ਵੱਲ ਧੱਕਣਾ ਚਾਹੁੰਦੀ ਹੈ।ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਪਾਣੀਆਂ ਸਬੰਧੀ ਪੰਜਾਬ ਨਾਲ ਧੱਕਾ ਕੀਤਾ ਗਿਆ ਤਾਂ ਸਾਡੀ ਸੰਘਰਸ਼ ਕਮੇਟੀ ਤਿੱਖਾ ਸੰਘਰਸ਼ ਛੇੜਨ ਲਈ ਮਜ਼ਬੂਰ ਹੋਵੇਗੀ।29 ਜਨਵਰੀ ਨੂੰ ਤਿੰਨ ਘੰਟੇ ਰੇਲਾਂ ਰੋਕਣ ਦਾ ਸੱਦਾ ਵੀ ਕੇਵਲ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦੇਣ ਲਈ ਦਿੱਤਾ ਗਿਆ ਹੈ।ਜੇਕਰ ਜਲਦੀ ਹੀ ਪੰਜਾਬ ਦੇ ਪਾਣੀਆਂ ਦਾ ਮਸਲਾ, ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਗੰੁਮਸ਼ੁਦਗੀ, ਪੰਜਾਬ ਦੀਆਂ ਫੈਕਟਰੀਆਂ ਦੇ ਮਾਲਕਾਂ ਵਲੋਂ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਕਰਨ ਤੋਂ ਰੋਕਣ ਸਬੰਧੀ ਕੋਈ ਠੋਸ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਡੀ ਸੰਘਰਸ਼ ਕਮੇਟੀ ਸਰਕਾਰ ਨੂੰ ਇੱਕ ਤਿੱਖੇ ਅੰਦੋਲਨ ਦੇ ਰੂਪ ਵਿੱਚ ਟੱਕਰੇਗੀ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੋਵੇਗੀ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 29 ਜਨਵਰੀ ਦੇ ਤਿੰਨੇ ਘੰਟੇ ਦੇ ਰੇਲ ਰੋਕੂ ਅੰਦੋਲਨ ਵਿੱਚ ਉਨ੍ਹਾਂ ਦਾ ਸਾਥ ਦੇਣ ਅਤੇ ਆਪਣੇ ਪਿੰਡਾਂ ਦੇ ਲਾਗਲੇ ਰੇਲਵੇ ਸਟੇਸ਼ਨਾਂ ‘ਤੇ ਪੁੱਜ ਕੇ ਦੁਪਹਿਰ 1.00 ਵਜੇ ਤੋਂ ਸ਼ਾਮ 4.00 ਵਜੇ ਤੱਕ ਰੇਲਾਂ ਰੋਕਣ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …