Tuesday, April 14, 2026

ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਵਲੋਂ ਰਾਮ ਰਹੀਮ ਤੇ ਅਸ਼ੀਸ਼ ਮਿਸ਼ਰਾ ਦੀ ਪੈਰੋਲ ਦੀ ਘੋਰ ਨਿੰਦਾ

ਜੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਜਮਾਨਤ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ – ਮਨਜੀਤ ਢੀਂਡਸਾ

ਸਮਰਾਲਾ, 27 ਜਨਵਰੀ (ਇੰਦਰਜੀਤ ਸਿੰਘ ਕੰਗ) – ਜੇਕਰ ਸਿਰਸੇ ਵਾਲੇ ਬਲਾਤਕਾਰੀ ਨੂੰ ਵਾਰ ਵਾਰ ਪੈਰੋਲ ਅਤੇ ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ, ਕੀ ਭਾਰਤ ਅੰਦਰ ਇੱਕ ਕਾਨੂੰਨ ਹੈ ਜਾਂ ਦੋ? ਕੇਂਦਰ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕਰਦਾ ਰਿਹਾ ਹੈ ਅਤੇ ਪੰਜਾਬ ਨੂੰ ਹਮੇਸ਼ਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਚਾਹੇ ਉਹ ਕੋਈ ਖੇਤਰ ਹੋਵੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਮੀਡੀਆ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਚੱਲੇ ਕਿਸਾਨ ਮੋਰਚੇ ਮੌਕੇ ਲਖੀਮਪੁਰ ਖੀਰੀ ਦੇ ਸੰਘਰਸ਼ ਦੌਰਾਨ ਸਾਡੇ ਕਿਸਾਨ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਬੰਦ ਕਿਸਾਨਾਂ ਦੇ ਘਰ ਵਾਲਿਆਂ ਨੂੰ ਮੁਲਾਕਾਤ ਕਰਨ ਵੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਦੇਸ਼ ਵਿੱਚ ਕਾਨੂੰਨ ਤੋੜਨ ਵਾਲੇ ਅਤੇ ਧੀਆਂ ਭੈਣਾਂ ਦੀ ਇਜ਼ਤ ਰੋਲਣ ਵਾਲੇ ਜੇਲ੍ਹਾਂ ਤੋਂ ਬਾਹਰ ਦਨਦਾਨਾਉਂਦੇ ਫਿਰਦੇ ਹਨ।ਕੇਂਦਰ ਦੀ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਉਪਰ ਜ਼ੁਲਮ ਢਾਹ ਰਹੀ ਹੈ। ਉਨਾਂ ਕਿਹਾ ਕਿਸਾਨ ਅੰਦੋਲਨ ਖਤਮ ਕਰਨ ਮੌਕੇ 19 ਨਵੰਬਰ 2021 ਵਿੱਚ ਮੋਦੀ ਸਰਕਾਰ ਨੇ ਸਾਰੇ ਕਿਸਾਨਾਂ ਉਪਰ ਕੇਸ ਵਾਪਸ ਲੈਣ ਅਤੇ ਮੁਆਵਜਾ ਦੇਣਾ, 23 ਫਸਲਾਂ ਉਪਰ ਐਮ.ਐਸ.ਪੀ. ਦੇਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਕੇਂਦਰ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੰਦੀ ਸਿੰਘ ਅਤੇ ਹੋਰ ਸਜਾ ਪੁਰੀ ਕਰ ਚੁੱਕੇ ਵਿਅਕਤੀਆਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਸਜ਼ਾ ਪੂਰੀ ਹੋਣ ਉਪਰੰਤ ਰਿਹਾਅ ਕੀਤੇ ਜਾਣ। ਇਸ ਮੌਕੇ ਪਰਮਿੰਦਰ ਸਿੰਘ ਪਾਲਮਾਜਰਾ ਜਨਰਲ ਸਕੱਤਰ ਪੰਜਾਬ ਅਤੇ ਮੈਂਬਰ ਸੰਯੁਕਤ ਮੋਰਚਾ ਭਾਰਤ ਨੇ ਕਿਹਾ ਸਰਸੇ ਵਾਲੇ ਰਾਮ ਰਹੀਮ ਨੇ ਘਿਨਾਉਣੇ ਜ਼ੁਰਮ ਕੀਤੇ ਹਨ ਅਤੇ ਅਸ਼ੀਸ਼ ਮਿਸ਼ਰਾ ਨੇ ਆਪਣੇ ਪਿਤਾ ਜੋ ਕੇ ਸੈਂਟਰ ਸਰਕਾਰ ਵਿੱਚ ਮੰਤਰੀ ਹਨ ਦੀ ਸ਼ਹਿ ‘ਤੇ ਸਾਡੇ ਕਿਸਾਨਾਂ ਉਪਰ ਸ਼ਾਂਤਮਈ ਰੋਸ ਕਰਦਿਆਂ ਆਪਣੀ ਗੱਡੀ ਚੜ੍ਹਾ ਦਿੱਤੀ। ਜਿਸ ਵਿੱਚ ਸਾਡੇ ਨਿਹੱਥੇ ਚਾਰ ਕਿਸਾਨ, ਇਕ ਪੱਤਰਕਾਰ ਵੀਰ ਨੂੰ ਸ਼ਹੀਦ ਕਰ ਦਿੱਤਾ। ਰਾਮ ਰਹੀਮ ਤੇ ਅਸੀਸ ਮਿਸ਼ਰਾ ਨੂੰ ਵਾਰ ਵਾਰ ਪੈਰੋਲ ਦੇ ਕੇ ਪੰਜਾਬੀਆਂ ਦੇ ਜ਼ਖ਼ਮਾਂ ਉਪਰ ਲੂਣ ਛਿੜਕਿਆ ਜਾ ਰਿਹਾ ਹੈ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਬਾਲਿਓਂ, ਗਿਆਨੀ ਸੁਰਿੰਦਰ ਸਿੰਘ ਭਰਥਲਾ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਜਸਪ੍ਰੀਤ ਸਿੰਘ ਢੀਂਡਸਾ, ਰਾਮ ਸਿੰਘ, ਕਰਮ ਸਿੰਘ ਹਰਿਓਂ, ਸੁਰਿੰਦਰ ਸਿੰਘ ਸਾਬਕਾ ਸਰਪੰਚ ਖੱਟਰਾਂ, ਕਸ਼ਮੀਰਾ ਸਿੰਘ ਮਾਦਪੁਰ ਅਤੇ ਜਗਜੀਤ ਸਿੰਘ ਮੁੱਤੋਂ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …