ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵਲੋਂ ਕਰਵਾਏ 2-ਰੋਜ਼ਾ ਖੇਡ ਮਹਾਂਕੁੰਭ ਦੀ ਸ਼ਾਨਦਾਰ ਸਮਾਪਤੀ
ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵਲੋਂ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਖੇਡ ਮਹਾਂਕੁੰਭ `ਖੇਡਾਂ ਹਲਕਾ ਸੁਨਾਮ ਦੀਆਂ` ਐਤਵਾਰ ਦੇਰ ਸ਼ਾਮ ਨੂੰ ਪੇਂਡੂ ਖਿਡਾਰੀਆਂ ਦੇ ਕੌਮੀ ਪੱਧਰ `ਤੇ ਨਾਮਣਾ ਖੱਟਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਰਾਹ ਪੱਧਰਾ ਕਰਨ ਦੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ।ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ “ਖੇਡਾਂ ਹਲਕਾ ਸੁਨਾਮ ਦੀਆਂ“ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਵੇਗਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇਸ ਸੁਪਰ ਸਪੋਰਟਸ ਲੀਗ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਖ਼ਾਸ ਤੌਰ `ਤੇ ਤਿਆਰ ਕੀਤੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ।
ਇਹਨਾਂ ਖੇਡ ਮੁਕਾਬਲਿਆਂ ਦੌਰਾਨ ਵਾਲੀਬਾਲ ਸ਼ੂਟਿੰਗ ਵਿੱਚ ਪਿੰਡ ਅਕਬਰਪੁਰ ਦੀ ਟੀਮ ਨੇ ਪਹਿਲਾ, ਸ਼ੇਰੋਂ ਦੀ ਟੀਮ ਨੇ ਦੂਜਾ ਅਤੇ ਸ਼ਾਹਪੁਰ ਕਲਾਂ ਦੀ ਟੀਮ ਨੇ ਤੀਜ਼ਾ ਸਥਾਨ ਹਾਸਲ ਕੀਤਾ।ਵਾਲੀਬਾਲ ਸਮੈਸਿੰਗ ਵਿੱਚ ਬਡਰੁੱਖਾਂ ਨੇ ਪਹਿਲਾ ਸਥਾਨ, ਲਖਮੀਰਵਾਲਾ ਨੇ ਦੂਜਾ ਅਤੇ ਬਹਾਦਰਪੁਰ ਨੇ ਤੀਜ਼ਾ ਸਥਾਨ ਹਾਸਲ ਕੀਤਾ।ਸੀਨੀਅਰ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਤੋਗਾਵਾਲ ਦੀ ਟੀਮ ਜੇਤੂ ਰਹੀ, ਜਦਕਿ ਸ਼ੇਰੋਂ ਦੂਜੇ ਅਤੇ ਬਹਾਦਰਪੁਰ ਤੀਜ਼ੇ ਸਥਾਨ ’ਤੇ ਰਹੀ।
ਰੱਸਾਕਸ਼ੀ (ਜੂਨੀਅਰ ਵਿੰਗ) ਮੁਕਾਬਲਾ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਏ ਟੀਮ ਨੇ ਜਿੱਤਿਆ।ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਟੀਮ ਬੀ ਦੂਜੇ ਅਤੇ ਸਰਕਾਰੀ ਹਾਈ ਸਕੂਲ ਤੋਗਾਵਾਲ ਤੀਜ਼ੇ ਸਥਾਨ ’ਤੇ ਆਇਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਪੰਜਾਬ ਵਿਚੋਂ ਨਸ਼ਿਆਂ ਖਾਸ ਕਰਕੇ `ਚਿੱਟੇ` ਦਾ ਖਾਤਮਾ ਕਰਨਾ ਹੈ ਅਤੇ ਇਹ ਨੌਜਵਾਨਾਂ ਨੂੰ ਸਹੀ ਰਾਹ ਵੱਲ ਲਗਾ ਕੇ ਹੀ ਸੰਭਵ ਹੋ ਸਕਦਾ ਹੈ।
ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਛਪਾਈ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਅਧੀਨ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਸਮਾਪਤੀ ਸਮਾਰੋਹ ਦੌਰਾਨ ਸੂਫ਼ੀ ਗਾਇਕ ਕਮਲ ਖਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ।
ਜਿਕਰਯੋਗ ਹੈ ਕਿ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਅਮਨ ਅਰੋੜਾ ਦੇ ਪਿਤਾ ਤੇ ਸਵਰਗੀ ਪੰਜਾਬ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ‘ਖੇਡਾਂ ਹਲਕਾ ਸੁਨਾਮ ਦੀਆਂ’ ਕਰਵਾਈਆਂ ਗਈਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਲਹਿਰਾ ਬਰਿੰਦਰ ਗੋਇਲ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੁਰਿੰਦਰ ਲਾਂਬਾ, ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ, ਓ.ਐਸ.ਡੀ ਪ੍ਰੋਫੈਸਰ ਓਂਕਾਰ ਸਿੰਘ, ਕੈਬਨਿਟ ਮੰਤਰੀ ਮੰਤਰੀ ਅਮਨ ਅਰੋੜਾ ਦੀ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ, ਕੈਬਨਿਟ ਮੰਤਰੀ ਦੇ ਧਰਮ ਪਤਨੀ ਸਬੀਨਾ ਅਰੋੜਾ, ਏ.ਡੀ.ਸੀ ਵਰਜੀਤ ਵਾਲੀਆ, ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਐਮ.ਸੀ ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ, ਹਰਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਆਦਿ ਪਤਵੰਤੇ ਵੀ ਹਾਜ਼ਰ ਸਨ।