Sunday, June 1, 2025
Breaking News

ਵਿਧਾਇਕ ਦਿਆਲਪੁਰਾ ਨੂੰ ਤਰਕਸ਼ੀਲਾਂ ਨੇ ‘ਅੰਧਵਿਸ਼ਵਾਸ ਵਿਰੋਧੀ ਕਾਨੂੰਨ’ ਦਾ ਖਰੜਾ ਸੌਪਿਆ

ਸਮਰਾਲਾ, 8 ਫਰਵਰੀ (ਇੰਦਰਜੀਤ ਸਿੰਘ ਕੰਗ) – ਸਮਾਜ ਵਿਰੋਧੀ ਅਨਸਰ ਆਮ ਲੋਕਾਂ ਦੀ ਲੁੱਟ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ।ਵੱਡੇ ਪੱਧਰ ‘ਤੇ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਨਾਲ ਸਾਧਾਰਣ ਲੋਕ ਜਿਥੇ ਆਪਣੀ ਆਰਥਿਕ ਅਤੇ ਸਰੀਰਕ ਲੁੱਟ ਕਰਵਾਉਣ ਲਈ ਮਜ਼ਬੂਰ ਹਨ, ਉਥੇ ਮਾਨਸਿਕ ਤੌਰ ’ਤੇ ਵੀ ਬਹੁਤ ਪੱਛੜ ਗਏ ਹਨ। ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਪਿਛਲੇ ਲੰਬੇ ਸਮੇਂ ਤੋਂ ਇਹਨਾਂ ਅੰਧਵਿਸ਼ਵਾਸਾਂ ਖਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕਰ ਰਹੀ ਹੈ ਤਾਂ ਜੋ ਇਹਨਾਂ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਖਿਲਾਫ਼ ਕੋਈ ਠੋਸ ਕਾਰਵਾਈ ਕੀਤੀ ਜਾ ਸਕੇ।ਇਸ ਸੰਬੰਧੀ ਸੁਸਾਇਟੀ ਦੇ ਕਾਨੂੰਨ ਵਿਭਾਗ ਨੇ 2014 ਵਿੱਚ ‘ਅੰਧਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ ਤਿਆਰ ਕਰਕੇ ਸਰਕਾਰ ਦੇ ਨੁਮਾਇੰਦਿਆਂ ਨੂੰ ਸੌਂਪ ਕੇ ਕਨੂੰਨ ਬਣਾਉਣ ਦੀ ਮੰਗ ਕੀਤੀ ਸੀ।ਤਰਕਸ਼ੀਲ ਸੁਸਾਇਟੀ ਪੰਜਾਬ ਨੇ ਮੌਜ਼ੂਦਾ ਸਰਕਾਰ ਤੋਂ ਵੀ ਇਹ ਕਨੂੰਨ ਪਾਸ ਕਰਨ ਦੀ ਮੰਗ ਲਈ ਮੁਹਿੰਮ ਵਿੱਢੀ ਹੋਈ ਹੈ।ਇਸ ਲੜੀ ਤਹਿਤ ਹੀ ਸੁਸਾਇਟੀ ਦੀ ਕੋਹਾੜਾ ਇਕਾਈ ਦੇ ਕੋਹਾੜਾ ਅਤੇ ਸਮਰਾਲਾ ਇਲਾਕੇ ਦੇ ਕਾਰਕੁੰਨਾਂ ਵਲੋਂ ਇੱਕ ਵਫਦ ਦੇ ਰੂਪ ਵਿੱਚ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਗਈ ਕਿ ਪੰਜਾਬ ਸਰਕਾਰ ਵੀ ਮਹਾਰਾਸ਼ਟਰ, ਕਰਨਾਟਕ ਅਤੇ ਛੱਤੀਸਗੜ੍ਹ ਸਰਕਾਰ ਦੀ ਤਰਜ਼ ’ਤੇ ਪੰਜਾਬ ਵਾਸੀਆਂ ਲਈ ਇਹ ਕਨੂੰਨ ਪਾਸ ਕਰੇ। ਇਸ ਤੋਂ ਪਹਿਲਾਂ ਜਗਤਾਰ ਸਿੰਘ ਦਿਆਲਪੁਰਾ ਨਾਲ ਉਹਨਾਂ ਦੇ ਦਫਤਰ ਵਿੱਚ ਬੈਠ ਕੇ ਇਸ ਸਬੰਧੀ ਵਿਚਾਰ ਚਰਚਾ ਕੀਤੀ ਗਈ।ਵਿਧਾਇਕ ਦਿਆਲਪੁਰਾ ਨੇ ਇਸ ਮੁੱਦੇ ’ਤੇ ਅਪਣੀ ਨਿੱਜੀ ਦਿਲਚਸਪੀ ਦਿਖਾਈ ਤੇ ਇਸ ਮਸਲੇ ਦੇ ਹੱਕ ਵਿੱਚ ਵਿਧਾਨ ਸਭਾ ਅੰਦਰ ਅਪਣਾ ਬਣਦਾ ਹਿੱਸਾ ਪਾਉਣ ਦਾ ਯਕੀਨ ਦਿਵਾਇਆ।
ਇਥੇ ਵਰਣਨ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ 2018 ਅਤੇ 2019 ਵਿੱਚ ਇਸ ਕਨੂੰਨ ਬਾਬਤ ਚਰਚਾ ਤਾਂ ਹੋਈ, ਪਰ ਇਹ ਪਾਸ ਨਾ ਹੋ ਸਕਿਆ।ਵਫਦ ਵਿੱਚ ਇਕਾਈ ਦੇ ਜਥੇਬੰਦਕ ਮੁਖੀ ਮਾਸਟਰ ਤਰਲੋਚਨ ਸਮਰਾਲਾ, ਵਿੱਤ ਮੁਖੀ ਰਜਿੰਦਰ ਜੰਡਿਆਲੀ, ਮੀਡੀਆ ਵਿਭਾਗ ਮੁਖੀ ਦੀਪ ਦਿਲਬਰ, ਮਾਸਟਰ ਆਤਮਾ ਸਿੰਘ ਕੋਟਾਲਾ, ਕੁਲਦੀਪ ਬੌਂਦਲੀ, ਦਿਲਮਨਪ੍ਰੀਤ ਕੌਰ ਕੋਟਾਲਾ, ਸੁਖਵਿੰਦਰ ਮਾਛੀਵਾੜਾ ਪੀ.ਏ (ਵਿਧਾਇਕ ਸਮਰਾਲਾ) ਅਤੇ ਹੋਰ ਸਾਥੀ ਮੌਜ਼ੂਦ ਸਨ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …