ਸਿਵਲ ਹਸਪਤਾਲ ਸਮਰਾਲਾ ਵਿਖੇ ਵਾਹਨਾਂ ‘ਤੇ ਲਗਾਈ ਜਾ ਰਹੀ ਪਰਚੀ ਬੰਦ ਕਰਵਾਉਣ ਲਈ ਯੂਨੀਅਨ ਕਰੇਗੀ ਸੰਘਰਸ਼ – ਖੀਰਨੀਆਂ
ਸਮਰਾਲਾ, 8 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਦੌਰਾਨ ਕਿਸਾਨੀ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਸਮਰਾਲਾ ਵਿਖੇ ਵਾਹਨਾਂ ਦੇ ਹਸਪਤਾਲ ਅੰਦਰ ਦਾਖਲ ਹੋਣ ਤੇ ਪਰਚੀ ਲਗਾਈ ਜਾਂਦੀ ਹੈ, ਜਿਸ ਸਬੰਧੀ ਯੂਨੀਅਨ ਦਾ ਇੱਕ ਵਫਦ ਐਸ.ਐਮ.ਓ ਡਾ. ਤਰਕਜੋਤ ਸਿੰਘ ਨੂੰ ਮਿਲਿਆ, ਜਿਨ੍ਹਾਂ ਇਸ ਸਬੰਧੀ ਕਿਹਾ ਕਿ ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਹਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਤੇ ਇਹ ਪਰਚੀ ਲਗਾਈ ਗਈ ਹੈ।ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਨੂੰ ਜਲਦੀ ਮਿਲ ਕੇ ਇਹ ਪਰਚੀ ਬੰਦ ਕਰਾਈ ਜਾਵੇਗੀ, ਅਤੇ ਮੁਸ਼ਕਿਲ ਆਈ ਤਾਂ ਯੂਨੀਅਨ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਪ੍ਰਬੰਧਕਾਂ ਨੇ ਬਾਥਰੂਮਾਂ ਅਤੇ ਲੈਟਰੀਨਾਂ ਦੀਆਂ ਪਾਇਪਾਂ ਨੂੰ ਨਹਿਰੀ ਪਾਣੀ ਵਿੱਚ ਛੱਡਿਆ ਹੋਇਆ ਹੈ, ਜਿਸ ਨਾਲ ਨਹਿਰੀ ਪਾਣੀ ਪਲੀਤ ਹੁੰਦਾ ਹੈ, ਜਿਥੋਂ ਵੱਖ ਵੱਖ ਥਾਵਾਂ ‘ਤੇ ਰਾਹਗੀਰ ਅਤੇ ਪਸ਼ੂ, ਪੰਛੀ ਪਾਣੀ ਪੀਂਦੇ ਹਨ।ਉਨਾਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਸਬੰਧੀ ਸੁਚੱਜਾ ਪ੍ਰਬੰਧ ਕਰਨ।ਪਿੰਡ ਕਟਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਾ ਸਿੰਘ ਨੇ ਪਿੰਡ ਦੇ ਸਰਪੰਚ ਨਾਲ ਮਿਲੀਭੁਗਤ ਕਰਕੇ ਗੁਰੂ ਗੋਬਿੰਦ ਸਿੰਘ ਮਾਰਗ ‘ਤੇ ਕੰਧ ਕਰਕੇ ਨਜਾਇਜ ਕਬਜ਼ਾ ਕੀਤਾ ਹੋਇਆ ਹੈ, ਇਸ ਸਬੰਧੀ ਪਿੰਡ ਨਿਵਾਸੀਆਂ ਨੇ ਇਹ ਗੱਲ ਯੂਨੀਅਨ ਦੇ ਧਿਆਨ ਵਿੱਚ ਲਿਆਂਦੀ ਹੈ।ਬਲਾਕ ਪ੍ਰਧਾਨ ਬਿੱਕਰ ਸਿੰਘ ਮਾਨ ਨੇ ਦੱਸਿਆ ਕਿ ਸਰਕਾਰ ਵਲੋਂ ਪੰਜਾਬ ਵਿੱਚ ਸੂਏ ਪੱਕੇ ਕਰਨ ਦੀ ਬੀ.ਕੇ.ਯੂ (ਦੋਆਬਾ) ਇਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਜੇਕਰ ਸਰਕਾਰ ਨੇ ਸੂਏ ਪੱਕੇ ਕਰਨੇ ਬੰਦ ਨਾ ਕੀਤੇ ਤਾਂ ਯੂਨੀਅਨ ਸੰਘਰਸ਼ ਕਰੇਗੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਲਡੀ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਲਜੀਤ ਸਿੰਘ ਪ੍ਰਧਾਨ ਸਮਰਾਲਾ, ਜੀਵਨ ਸਿੰਘ ਸਕੱਤਰ ਸਮਰਾਲਾ, ਰਾਜਿੰਦਰ ਸਿੰਘ ਮੱਲ ਮਾਜ਼ਰਾ, ਜਸਮੇਰ ਸਿੰਘ ਗਾਗੂ, ਜਸਵੀਰ ਸਿੰਘ ਸੇਖੋਂ ਪਵਾਤ, ਸੁਖਰਾਜ ਸਿੰਘ ਕਟਾਣਾ, ਹਰਜੀਤ ਸਿੰਘ ਕਟਾਣਾ, ਹਰਜੀਤ ਸਿੰਘ ਕਟਾਣਾ, ਸੁਖਦੇਵ ਸਿੰਘ ਕਟਾਣਾ, ਅਮਰਜੀਤ ਸਿੰਘ ਟੋਡਰਪੁਰ, ਅਮਰੀਕ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਖੀਰਨੀਆਂ, ਸੰਜੂ ਕੁਮਾਰ, ਜਸਪਾਲ ਸਿੰਘ ਕਕਰਾਲਾ, ਰਣਬੀਰ ਸਿੰਘ ਮੱਲ ਮਾਜ਼ਰਾ, ਗੁਰਪ੍ਰੀਤ ਸਿੰਘ ਰਾਜੇਵਾਲ ਤੇ ਜੋਗਿੰਦਰ ਸਿੰਘ ਆਦਿ ਮੌਜ਼ੂਦ ਸਨ।