Monday, February 23, 2026

ਮਾਲ ਰੋਡ ਸਕੂਲ ਦੀਆਂ 10 ਵਿਦਿਆਰਥਣਾਂ ਨੇ ਇਸਰੋ ਵਲੋਂ ਲਾਂਚ ਹੋ ਰਹੇ ‘ਅਜ਼ਾਦੀ ਸੈਟ-2’ ਸੈਟੇਲਾਇਟ ਲਈ ਬਣਾਈ ਚਿੱਪ

ਮੰਤਰੀ ਪੰਜਾਬ ਮਾਨ ਵਲੋਂ ਵਿਦਿਆਰਥਣਾਂ ਲਈ 3 ਲੱਖ ਰੁਪਏ ਦਾ ਚੈਕ ਜਾਰੀ
ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਨੇ ਇਸਰੋ ਲਈ ਚਿੱਪ ਬਣਾਉਣ ਦਾ ਮਾਣ ਹਾਸਲ ਕੀਤਾ ਹੈ।ਇਸਦੇ ਸਫਲ ਪ੍ਰੀਖਣ ਤੋਂ ਬਾਅਦ ਇਨ੍ਹਾਂ ਵਿਦਿਆਰਥਣਾਂ ਨੂੰ 10 ਫਰਵਰੀ ਨੂੰ ਸਤੀਸ਼ ਧਵਨ ਸਪੇਸ ਸਟੇਸ਼ਨ ਸ੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਵਿਖੇ ਲਾਂਚ ਹੋ ਰਹੇ ‘ਅਜਾਦੀ ਸੈਂਟ-2’ ‘ਚ ਸ਼ਾਮਿਲ ਹੋਣ ਦਾ ਸੱਦਾ ਪੱਤਰ ਮਿਲਿਆ ਹੈ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਮਿਲ ਕੇ ਆਪਣਾ ਆਸ਼ਿਰਵਾਦ ਦਿੰਦਿਆਂ 3 ਲੱਖ ਰੁਪਏ ਦਾ ਚੈਕ ਦਿੱਤਾ।ਇਸਰੋ ਤੋਂ ਸੱਦਾ ਮਿਲਣ ਉਪਰੰਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵਿਦਿਆਰਥੀਆਂ, ਸਬੰਧਤ ਅਧਿਆਪਕਾਂ ਅਤੇ ਸਕੂਲ ਦੀ ਪ੍ਰਿੰਸੀਪਲ ਨੂੰ ਵਧਾਈ ਦਿੱਤੀ।
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਬਲਰਾਜ ਸਿੰਘ ਢਿਲੋਂ, ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਰਹਿਨੁਮਾਈ ਅਧੀਨ ਅਤੇ ਸਕੂਲ ਦੇ ਏੇ.ਟੀ.ਐਲ (ਅਟਲ ਟਿੰਕਰਿੰਗ ਲੈਬ) ਦੇ ਇੰਚਾਰਜ ਅਤੇ ਪ੍ਰੋਜੈਕਟ ਇੰਚਾਰਜ ਕਮਲ ਕੁਮਾਰ ਲੈਕਚਰਾਰ ਕੈਮਿਸਟਰੀ ਦੀ ਅਗਵਾਈ ਹੇਠ ਸਕੂਲ ਦੀਆਂ ਵਿਦਿਆਰਥਣਾਂ ਨੇ ਇਸਰੋ ਦੇ ਪ੍ਰੋਜੈਕਟ ਵਿੱਚ ਦਿਲਚਸਪੀ ਵਿਖਾਈ ਅਤੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਏ।
ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜੁਗਰਾਜ ਸਿੰਘ ਨੇ ਸਕੂਲ਼ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ “ਆਜ਼ਾਦੀ ਸੈਟ-2” ਸੈਟੇਲਾਇਟ ਮਿਸ਼ਨ ਨਾ ਸਿਰਫ ਦੇਸ਼ ਲਈ ਮਾਣ ਦਾ ਵਿਸ਼ਾ ਹੈ, ਸਗੋਂ ਇਹ ਬਹੁਤ ਸਾਰੇ ਵਿਦਿਆਰਥੀਆਂ ਲਈ ਸਪੇਸ ਰੀਸਰਚ ਨੂੰ ਆਪਣੇ ਕੈਰੀਅਰ ਵਜੋਂ ਸੋਚਣ ਲਈ ਇੱਕ ਪ੍ਰੇਰਣਾ ਵੀ ਹੈ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਦੱਸਿਆ ਕਿ ਇਸਰੋ ਵਲੋਂ ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਰੈਸਬੈਰੀ ਪਾਈ ਪੀਕੋ ਨਾਮਕ ਚਿੱਪ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੇ ਬੜੀ ਸਹਿਜਤਾ ਅਤੇ ਗੰਭੀਰਤਾ ਨਾਲ ਮਿਥੇ ਸਮੇਂ ‘ਚ ਤਿਆਰ ਕਰਕੇ ਇਸਰੋ ਨੂੰ ਭੇਜਿਆ ਸੀ।ਇਸਰੋ ਵਲੋਂ ਇਸ ਚਿੱਪ ਦੇ ਪ੍ਰੀਖਣ ਉਪਰੰਤ ਇਹ ਚਿੱਪ ਇਸਰੋ ਦੀ ਕਸੌਟੀ ‘ਤੇ ਖਰੀ ਉਤਰੀ ਅਤੇ ਇਸ ਚਿੱਪ ਨੂੰ ਇਸਰੋ ਦੇ ਉਪਗ੍ਰਹਿ ‘ਚ ਲਗਾਇਆ ਗਿਆ ਹੈ।

 

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …