Sunday, June 15, 2025
Breaking News

ਬਠਿੰਡਾ ਜ਼ਿਲ੍ਹੇ ਦੇ ਅਧੂਰੇ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣ : ਵਧੀਕ ਡਿਪਟੀ ਕਮਿਸ਼ਨਰ

ਮੀਟਿੰਗ ਦੌਰਾਨ ਲਿਆ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦਾ ਜਾਇਜ਼ਾ

PPN1612201405

ਬਠਿੰਡਾ, 15 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਸਾਰੇ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣ, ਤਾਂ ਜੋ ਆਮ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਹ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਕੋਲੋਂ ਉਨ੍ਹਾਂ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੀਆਂ ਟੁਆਇਲਟਸ ਬਾਰੇ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾਈ ਜਾਵੇ, ਤਾਂ ਜੋ ਰਹਿੰਦੇ ਜ਼ਰੂਰਤਮੰਦਾਂ ਦੇ ਘਰਾਂ ਵਿਚ ਜਲਦੀ ਬਣਵਾਈਆਂ ਜਾ ਸਕਣ। ਉਨ੍ਹਾਂ ਬੀ.ਐਂਡ.ਆਰ, ਮੰਡੀ ਬੋਰਡ ਅਤੇ ਪਬਲਿਕ ਹੈਲਥ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਲਿੰਕ ਸੜਕਾਂ, ਸਰਕਾਰੀ ਇਮਾਰਤਾਂ ਅਤੇ ਵਾਟਰ ਵਰਕਸ ਦੇ ਚੱਲ ਰਹੇ ਕੰਮਾਂ ਵੱਲ ਗੰਭੀਰਤਾ ਦਿਖਾਉਂਦੇ ਹੋਏ, ਇਨ੍ਹਾਂ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਲਾਪ੍ਰਵਾਹੀ ਅਤੇ ਅਗਣਗਹਿਲੀ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤੀ ਜਾਵੇਗੀ। ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ, ਇਸ ਲਈ ਸਖ਼ਤੀ ਵਰਤਕੇ ਤੁਰੰਤ ਨਜਾਇਜ਼ ਕਬਜ਼ੇ ਹਟਵਾਏ ਜਾਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਨਜਾਇਜ਼ ਕਬਜ਼ਾ ਕੀਤਾ ਹੈ, ਤਾਂ ਉਹ ਤੁਰੰਤ ਛੱਡ ਦੇਵੇ, ਨਹੀਂ ਤਾਂ ਪ੍ਰਸਾਸ਼ਨ ਵਲੋਂ ਸਖ਼ਤ ਐਕਸ਼ਨ ਲੈਣ ਵਿਚ ਗੁਰੇਜ਼ ਨਹੀਂ ਕੀਤੀ ਜਾਵੇਗੀ।

ਉਧਰ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਵਿਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਲਤੀਫ ਅਹਿਮਦ ਨੇ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਵਿਚ ਡਰਾਈਵਿੰਗ ਸਕੂਲ ਖੋਲ੍ਹੇ ਜਾ ਰਹੇ ਹਨ, ਪਰ ਇਹ ਸਕੂਲ ਤਾਂ ਹੀ ਕਾਰਗਰ ਸਾਬਿਤ ਹੋ ਸਕਦੇ ਹਨ ਜੇਕਰ ਹਰ ਵਿਅਕਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਟ੍ਰੈਫਿਕ ਨਿਯਮਾਂ ਅਨੁਸਾਰ ਵਾਹਨ ਚਲਾਵੇ। ਉਨ੍ਹਾਂ ਕਿਹਾ ਕਿ ਆਪਣੇ ਛੋਟੇ ਬੱਚਿਆਂ ਨੂੰ ਦੋ ਪਹੀਆ ਵਾਹਨ ਚਲਾਉਣ ਤੋਂ ਰੋਕਣਾ ਚਾਹੀਦਾ ਹੈ, ਤਾਂ ਜੋ ਉਹ ਹਾਦਸਿਆਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿੱਥੇ ਜਲਦੀ ਹੀ ਪੀਲੀ ਪੱਟੀ ਨੂੰ ਹੋਰ ਗੂੜ੍ਹਾ ਕੀਤਾ ਜਾਵੇਗਾ, ਉਥੇ ਪ੍ਰੈਸ਼ਰ ਹਾਰਨਾਂ ‘ਤੇ ਵੀ ਲਗਾਮ ਕੱਸੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਤ ਪਾਰਕਿੰਗ ਵੀ ਸਖ਼ਤੀ ਨਾਲ ਰੋਕੀ ਜਾਵੇਗੀ ਅਤੇ ਜਿਹੜਾ ਵਿਅਕਤੀ ਗਲਤ ਪਾਰਕਿੰਗ ਕਰਦਾ ਫੜਿਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਮੌੜ ਪਰਮਦੀਪ ਸਿੰਘ, ਐਸ.ਡੀ. ਐਮ. ਤਲਵੰਡੀ ਸਾਬੋ ਵਿਨੈ ਕੁਮਾਰ, ਐਸ.ਡੀ.ਐਮ. ਰਾਮਪੁਰਾਫੂਲ ਸਕੱਤਰ ਸਿੰਘ ਬੱਲ, ਸਹਾਇਕ ਕਮਿਸ਼ਨਰ (ਜ) ਨਰਿੰਦਰ ਸਿੰਘ ਧਾਲੀਵਾਲ, ਡੀ.ਡੀ.ਪੀ.ਓ ਰਾਜਿੰਦਰ ਬੱਤਰਾ ਤੋਂ ਇਲਾਵਾ ਸਾਰੇ ਐਕਸੀਅਨ, ਬੀ.ਡੀ.ਪੀ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply