
ਫਾਜ਼ਿਲਕਾ, 14 ਦਸੰਬਰ ( ਵਨੀਤ ਅਰੋੜਾ) – ਬੀ.ਐਸ.ਐਫ ਦੇ ਮਹਾਨਿਰਦੇਸ਼ਕ ਡੀ.ਕੇ ਪਾਠਕ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਲਈ ਸਿਹਤ ਜਾਂਚ ਕੈਂਪ ਦੀ ਲੜੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਲੋਕਾਂ ਲਈ ਮੁਫ਼ਤ ਜਾਂਚ ਕੈਂਪ ਅਮ੍ਰਿਤਸਰ ਦੇ ਅਮਨਦੀਪ ਹਸਪਤਾਲ ਦੀ ਮਦਦ ਨਾਲ ਇਕ ਜਾਂਚ ਕੈਂਪ ਬੀਐਸਐਫ ਹੈਡਕੁਆਰਟਰ ਰਾਮਪੁਰਾ ਵਿਚ ਲਾਇਆ ਗਿਆ। ਬੀਐਸਐਫ਼ ਦੀ ਗੋਲਡਨ ਜੁਬਲੀ ਮੌਕੇ ਲਾਏ ਗਏ ਕੈਂਪ ਵਿਚ 1200 ਦੇ ਕਰੀਬ ਸਰਹੱਦੀ ਪਿੰਡਾਂ ਦੇ ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਬੀਐਸਐਫ ਦੇ ਡੀ.ਆਈ.ਜੀ ਐਚਐਸ ਗਰਚਾ ਅਤੇ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਕੈਂਪ ਦੀ ਦੇਖ-ਰੇਖ 129 ਬਟਾਲੀਅਨ ਕਮਾਂਡੈਂਟ ਐਸਬੀ ਮੁਖਰਜੀ ਵੱਲੋਂ ਕੀਤੀ ਗਈ।
ਇਸ ਮੌਕੇੇ ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਬਿਮਾਰੀਆਂ ਦੇ ਹੱਲ ਲਈ ਬੀਐਸਐਫ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਜੇਕਰ ਬੀਐਸਐਫ਼ ਅਧਿਕਾਰੀਆਂ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੀ ਮੰਗ ਕਰੇਗੀ ਤਾਂ ਪ੍ਰਸ਼ਾਸਨ ਵੱਲੋਂ ਬੀ.ਐਸ.ਐਫ਼ ਦੀ ਹਰ ਪੱਧਰ ਤੇ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਲਾਏ ਗਏ ਕੈਂਪ ਵਿਚ 14 ਸਰਹੱਦੀ ਪਿੰਡਾਂ ਦੇ 1200 ਤੋਂ ਜਿਆਦਾ ਮਰੀਜਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ ਈ.ਐਨ.ਟੀ, ਕੈਂਸਰ, ਗੋਡਿਆਂ ਦਾ ਇਲਾਜ, ਛਾਤੀ ਦਾ ਕੈਂਸਰ ਆਦਿ ਤੋਂ ਇਲਾਵਾ ਕੰਨਾਂ ਅਤੇ ਹੱਡੀਆਂ ਦੇ ਰੋਗਾਂ ਤੋਂ ਗ੍ਰਸਤ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ। ਇਸ ਕੈਂਪ ਦੌਰਾਨ ਹੀ ਬੀਐਸਐਫ਼ ਵੱਲੋਂ ਡੌਗ ਸ਼ੋਅ ਵੀ ਕਰਵਾਏ ਗਏ। ਜਿਸ ਵਿਚ ਮਾਹਿਰ ਕੁੱਤਿਆਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਅਤਿ ਆਧੁਨਿਕ ਹਥਿਆਰਾਂ ਵੀ ਪ੍ਰਦਰਸ਼ਨੀ ਵੀ ਲਗਾਈ। ਇਸ ਦੌਰਾਨ ਬੀਐਸਐਫ ਦੇ ਉੱਚ ਅਧਿਕਾਰੀਆਂ ਅਤੇ ਜਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਐਮ.ਪੀ ਸਿੰਘ ਕਮਾਂਡੈਂਟ 90 ਬਟਾਲੀਅਨ, ਐਮ ਕੇ ਸਹਾਰਨ ਸੈਕਟਰ ਹੈਡਕੁਆਰਟਰ ਅਬੋਹਰ, ਡਾ. ਬਲਜੀਤ ਸਿੰਘ ਸਿਵਲ ਸਰਜਨ ਫਾਜ਼ਿਲਕਾ, ਬੀਐਸਐਫ਼ ਦੇ ਡਾ. ਸਲੇਸ਼ ਪੰਡਿਤ 129 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਰਾਕੇਸ਼ ਠਾਕੁਰ, ਅਮਨਦੀਪ ਹਸਪਤਾਲ ਅਮ੍ਰਿਤਸਰ ਤੋਂ ਐਚਐਸ ਗੁਰਾਇਆ ਆਦਿ ਹਾਜਰ ਸਨ। ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਾਂਡੈਂਟ ਸ਼੍ਰੀ ਰਾਕੇਸ਼ ਠਾਕੁਰ ਨੇ ਦੱਸਿਆ ਕਿ ਕੈਂਪ ਵਿਚ ਹੋਰਨਾਂ ਤੋਂ ਇਲਾਵਾ ਡਾਕਟਰ ਰਾਜੀਵ ਵੋਹਰਾ, ਡਾ. ਪਰਮਜੀਤ ਸਿੰਘ ਕਾਹਲੋਂ, ਡਾ. ਮਾਹੀਪਾਲ ਸਿੰਘ, ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਕੈਂਸਰ ਸਰਜਨ ਰਹੇ ਡਾ. ਪ੍ਰਹਿਲਾਦ ਦੁੱਗਲ ਅਤੇ ਡਾ. ਰਾਜਵੀ ਮੇਹਰਾ ਵੱਲੋਂ ਵੀ ਲੋਕਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਬੀਐਸਐਫ਼ ਵੱਲੋਂ ਲੋਕਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।
Punjab Post Daily Online Newspaper & Print Media