ਫਾਜ਼ਿਲਕਾ ਵਿਖੇ ਬਣੇਗਾ 65 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ – ਜਿਆਣੀ

ਫਾਜ਼ਿਲਕਾ, 15 ਦਸੰਬਰ (ਵਨੀਤ ਅਰੋੜਾ) – ਫਾਜ਼ਿਲਕਾ ਦੇ ਪਿੰਡ ਜੱਟਵਾਲੀ ਵਿਖੇ 65 ਕਰੋੜ ਦੀ ਲਾਗਤ ਨਾਲ ਕੈਂਸਰ ਹਸਪਤਾਲ ਦੀ ਸਥਾਪਣਾ ਕੀਤੀ ਜਾਵੇਗੀ ਅਤੇ ਇਸ ਹਸਪਤਾਲ ਦੀ ਇਮਾਰਤ ਇਕ ਸਾਲ ਵਿਚ ਬਣ ਕੇ ਮੁਕੰਮਲ ਹੋ ਜਾਵੇਗੀ । ਇਹ ਪ੍ਰਗਟਾਵਾ ਸਿਹਤ ਮੰਤਰੀ ਚੌ:ਸੁਰਜੀਤ ਕੁਮਾਰ ਜਿਆਣੀ ਨੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ 6.90 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਜੱਚਾ ਬੱਚਾ ਹਸਪਤਾਲ ਅਤੇ 3 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਸਿਵਲ ਸਰਜਨ ਦਫ਼ਤਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ। ਇਸ ਮੌਕੇ ਸ੍ਰੀ ਜਿਆਣੀ ਨੇ ਦੱਸਿਆ ਕਿ ਫਾਜ਼ਿਲਕਾ ਵਿਖੇ ਜੱਚਾ ਬੱਚਾ ਹਸਪਤਾਲ ਬਨਣ ਨਾਲ ਸਮੁੱਚੇ ਜਿਲ੍ਹੇ ਦੇ ਲੋਕਾਂ ਨੂੰ ਔਰਤਾਂ ਅਤੇ ਬੱਚਿਆਂ ਦੇ ਇਲਾਜ ਸਬੰਧੀ ਵੱਡੀ ਸਹੂਲਤ ਮਿਲੇਗੀ ਅਤੇ ਜਨੇਪੇ ਦੌਰਾਨ ਬੱਚਿਆਂ ਤੇ ਮਾਂਵਾ ਦੀਆਂ ਮੌਤਾਂ ਵਿਚ ਕਮੀ ਆਵੇਗੀ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੰਦਰ ਸਟਾਫ ਤੇ ਡਾਕਟਰਾਂ ਦੀ ਘਾਟ ਨੂੰ ਜਲਦੀ ਪੂਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਨਵੀਂ ਭਰਤੀ ਲਈ ਜਲਦੀ ਹੀ ਕੈਬਿਨੇਟ ਤੋਂ ਮਨਜੂਰੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੇ ਜੱਚਾ ਬੱਚਾ ਸਿਹਤ ਸੰਭਾਲ ਅਤੇ ਨਸ਼ਿਆਂ ਦੇ ਖਾਤਮੇ ਲਈ ਸ਼ਲਾਂਘਾ ਯੋਗ ਕੰਮ ਕੀਤਾ ਹੈ ਜਿਸ ਬਦਲੇ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਮਨਮਾਨਿਤ ਵੀ ਕੀਤਾ ਗਿਆ ਹੈ ।
ਸ਼੍ਰੀ ਜਿਆਣੀ ਨੇ ਕਿਹਾ ਕਿ ਫਾਜ਼ਿਲਕਾ ਵਿਖੇ ਕੈਂਸਰ ਹਸਪਤਾਲ ਸਥਾਪਿਤ ਹੋਣ ਨਾਲ ਸਮੁੱਚੇ ਮਾਲਵਾ ਖੇਤਰ ਦੇ ਸਰਹੱਦੀ ਜਿਲ੍ਹਿਆਂ ਨੂੰ ਕੈਂਸਰ ਦੇ ਇਲਾਜ ਸਬੰਧੀ ਵੱਡੀ ਸਹੂਲਤ ਮਿਲੇਗੀ।ਉਨ੍ਹਾਂ ਕਿਹਾ ਕਿ ਫਾਜਿਲਕਾ ਦੇ ਨਸ਼ਾ ਛਡਾਓ ਕੇਂਦਰ ਵਿਚ ਸਪੈਸ਼ਲਿਸ਼ਟਾਂ ਦੀ ਭਰਤੀ ਜਲਦੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਜਿਲ੍ਹੇ ਵਿਚ 62 ਨਰਸਾਂ ਅਤੇ 2 ਸਪੈਸ਼ਲਿਸ਼ਟਾਂ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਸਿਵਲ ਹਸਪਤਾਲ ਵਿਖੇ ਜਲਦੀ ਹੀ ਡਾਇਲਸਿਸ ਯੂਨਿਟ ਸਥਾਪਿਤ ਕੀਤਾ ਜਾਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਦਰਿਆਵਾਂ ਵਿਚ ਫੈਕਟਰੀਆਂ ਅਤੇ ਸੀਵਰੇਜ ਦੇ ਗੰਦੇ ਪਾਣੀ ਨੂੰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ ਤੇ ਇਸ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ।ਉਨ੍ਹਾਂ ਸਿਵਲ ਸਰਜਨ ਨੂੰ ਆਦੇਸ਼ ਦਿੱਤੇ ਕਿ ਮ੍ਰਿਤਕਾਂ ਦੇ ਪੋਸਟ ਮਾਰਟਮ ਲਈ ਜਲਾਲਾਬਾਦ ਵਿਚ ਵੀ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਕਰਨਜੀਤ ਸਿੰਘ, ਇੰਜ. ਐੈਚ.ਐਸ.ਚਾਹਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ, ਚੋ. ਰਾਧਾ ਕ੍ਰਿਸ਼ਨ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ, ਸਿਵਲ ਸਰਜਨ ਡਾ. ਬਲਜੀਤ ਸਿੰਘ, ਡਾ. ਦਵਿੰਦਰ ਭੁੱਕਲ ਐਸ.ਐਮ.ਓ., ਡਾ. ਰਾਜੇਸ਼ ਸ਼ਰਮਾ ਸਹਾਹਿਕ ਸਿਵਲ ਸਰਜਨ, ਡਾ. ਜਗਦੀਸ਼ ਟੱਕਰ ਐਸ.ਐਮ.ਓ.ਅਬੋਹਰ, ਸ਼੍ਰੀ ਸੁਭਾਸ਼ ਖਟਕ ਐਸ.ਡੀ.ਐਮ. ਫਾਜਿਲਕਾ, ਸ਼੍ਰੀ ਵਿਨੋਦ ਬਜਾਜ ਚੇਅਮੈਨ ਮਾਰਕੀਟ ਕਮੇਟੀ ਫਾਜਿਲਕਾ, ਸ਼੍ਰੀ ਅਨਿਲ ਕੁਮਾਰ ਸੇਠੀ ਸਾਬਕਾ ਪ੍ਰਧਾਨ ਨਗਰ ਕੌਂੋਸਲ ਫਾਜਿਲਕਾ, ਸ. ਗੁਰਪ੍ਰੀਤ ਸਿੰਘ (ਲਵਲੀ ਕਾਠਪਾਲ), ਐਡਵੋਕੇਟ ਸਤਿੰਦਰ ਸਿੰਘ (ਸਵੀ ਕਾਠਪਾਲ), ਸ਼੍ਰੀ ਮਨੋਜ ਤ੍ਰਿਪਾਠੀ, ਸ਼੍ਰੀ ਸੁਬੋਧ ਵਰਮਾ, ਸ਼੍ਰੀ ਬਲਜੀਤ ਸਹੋਤਾ, ਸ਼੍ਰੀ ਵਿਨੋਦ ਜਾਂਗਿੜ ਆਦਿ ਵੀ ਮੋਜੂਦ ਸਨ।
Punjab Post Daily Online Newspaper & Print Media